
ਸ੍ਰੀ ਮੁਕਤਸਰ ਸਾਹਿਬ, 30 ਅਗਸਤ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉੱਭਰਦੇ ਖਿਡਾਰੀਆਂ ਦੀ ਸਹੂਲਤ ਲਈ ਅਤਿ ਆਧੁਨਿਕ ਪੇਂਡੂ ਖੇਡ ਮੈਦਾਨ ਬਣਾਉਣ ਦੀ ਯੋਜਨਾ ਲਾਗੂ ਕੀਤੀ ਹੈ। ਇਸ ਬਾਬਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਗਿੱਦੜਬਾਹਾ ਅਤੇ ਲੰਬੀ ਦੇ ਪਿੰਡਾਂ ਚੱਲ ਰਹੇ ਕੰਮਾਂ ਦੀ ਸਮੀਖਿਆ ਲਈ ਸਹਾਇਕ ਕਮਿਸ਼ਨਰ (ਜ) ਸ਼ਿਵਾਂਸ਼ ਅਸਥਾਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਸ਼ਿਵਾਂਸ਼ ਅਸਥਾਨਾ ਨੇ ਦੱਸਿਆ ਕਿ ਹਰ ਇੱਕ ਪਿੰਡ ਵਿੱਚ ਖੇਡ ਮੈਦਾਨ ਤਿਆਰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਲਬਧ ਥਾਵਾਂ ਦਾ ਸਰਵੇਖਣ ਕਰਵਾ ਕੇ ਗਰਾਉਂਡ ਤਿਆਰ ਕਰਨ ਲਈ ਮੁੱਢਲੇ ਨਕਸ਼ੇ ਤਿਆਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਮੀਟਿੰਗ ਰਾਹੀਂ ਖੇਡ ਮੈਦਾਨ ਤਿਆਰ ਕਰਨ ਤੋਂ ਪਹਿਲਾਂ ਪੰਚਾਇਤਾਂ ਤੋਂ ਸੁਝਾਅ ਲਏ ਜਾ ਰਹੇ ਹਨ।
ਸਹਾਇਕ ਕਮਿਸ਼ਨਰ (ਜ) ਸ਼ਿਵਾਂਸ਼ ਅਸਥਾਨਾ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਖੇਡ ਮੈਦਾਨ ਲੋਕਾਂ ਦੀ ਮੰਗ ਅਤੇ ਜ਼ਰੂਰਤ ਅਨੁਸਾਰ ਹੀ ਤਿਆਰ ਕਰਵਾਏ ਜਾਣਗੇ ਅਤੇ ਜਿਸ ਪਿੰਡ ਵਿੱਚ ਜਿਹੜੀ ਖੇਡ ਲਈ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾਵੇਗੀ ਉਸੇ ਖੇਡ ਦਾ ਹੀ ਮੈਦਾਨ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਤਿਆਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚ ਬਾਕੀ ਸਹੂਲਤਾਂ ਦੇ ਨਾਲ-ਨਾਲ ਲਾਈਟਾਂ ਵੀ ਲਗਵਾਈਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ, ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ ਅਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।