ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਮਈ, 2024: ਲੋਕ ਸਭਾ ਚੋਣਾਂ-2024 ਵਿੱਚ ‘ਹਰ ਇੱਕ ਵੋਟ ਜਰੂਰੀ’ ਦੇ ਸੁਨੇਹੇ ਦੇ ਸੰਕਲਪ ਨਾਲ ਜ਼ਿਲ੍ਹਾ ਸਵੀਪ ਟੀਮ  ‘ਆਈ ਪੀ ਐਲ’ ਵਿੱਚ ਨੌਜੁਆਨ ਵੋਟਰਾਂ ਨੂੰ ਮੈਚ ਦਿਖਾਉਣ, ਮਹਿਲਾ ਵੋਟਰਾਂ ਲਈ  ਮੈਰਾਥਨ ਦਾ ਆਯੋਜਨ ਕਰਨ ਉਪਰੰਤ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾ ਤੇ ਮਜਦੂਰ ਦਿਵਸ ਮੌਕੇ ਲੇਬਰ ਚੌਂਕ, ਮਦਨਪੁਰਾ, ਮੋਹਾਲੀ ਵਿਖੇ ਕਿਰਤੀਆਂ ਦੇ ਵਿਹੜੇ ਦਸਤਕ ਦੇਣ ਪੁੱਜੀ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਮਜ਼ਦੂਰ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਇਨ੍ਹਾਂ ਮਿਹਨਤਕਸ਼ਾਂ ਨੂੰ  ਲੋਕਤੰਤਰ ਦੀ ਮਜਬੂਤੀ ਲਈ ਵੋਟ ਪਾਉਣ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਲੋਕਤੰਤਰ ਦੀ ਮਜ਼ਬੂਤੀ ਲਈ ਕਿਰਤੀ ਅਹਿਮ ਯੋਗਦਾਨ ਪਾ ਸਕਦੇ ਹਨ  ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਸ ਤਰ੍ਹਾਂ ਬੁਲੰਦ ਇਮਾਰਤਾਂ ਦੀ ਉਸਾਰੀ ਲਈ ਇੱਕ-ਇੱਕ ਇੱਟ ਜ਼ਰੂਰੀ ਹੈ, ਉਸੇ ਤਰ੍ਹਾਂ ਲੋਕਤੰਤਰ ਦੀ ਮਜ਼ਬੂਤੀ ਲਈ ਇੱਕ-ਇੱਕ ਵੋਟ ਕੀਮਤੀ ਹੈ। ਇਸ ਮੌਕੇ ਬਲਜਿੰਦਰ ਸਿੰਘ ਅਤੇ ਉਹਨਾ ਦੀ ਟੀਮ ਵੱਲੋਂ ਨੁੱਕੜ ਨਾਟਕ ‘ਮੇਰੀ ਵੋਟ ਮੇਰਾ ਅਧਿਕਾਰ’ ਅਤੇ ਭੰਡਾਂ ਦੀਆਂ ਨਕਲਾਂ ਨਾਲ ਕਿਰਤੀ ਮਜ਼ਦੂਰਾਂ ਦਾ ਮਨੋਰੰਜਨ ਕੀਤਾ ਗਿਆ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ, ਚੋਣ ਕਾਨੂੰਗੋ ਸੁਰਿੰਦਰ ਬੱਤਰਾ, ਜਗਤਾਰ ਸਿੰਘ, ਸ਼ਿਵਾਨੀ ਸ਼ਰਮਾ, ਪ੍ਰੋ ਅਮ੍ਰਿਤ ਪਾਲ ਸਿੰਘ ਅਤੇ ਮਿਤੇਸ਼ ਵੀ ਹਾਜ਼ਰ ਸਨ। ਇਸ ਮੌਕੇ ਕਿਰਤੀਆਂ ਨੂੰ ਵੋਟ ਪਾਉਣ ਦੀ ਅਪੀਲ ਵਾਲੀਆਂ ਟੋਪੀਆਂ ਅਤੇ ਚਾਬੀਆਂ ਦੇ ਛੱਲੇ ਵੀ ਵੰਡੇ ਗਏ।

Leave a Reply

Your email address will not be published. Required fields are marked *