ਐਸ.ਏ.ਐਸ.ਨਗਰ, 21 ਨਵੰਬਰ, 2024:
ਪੰਜਾਬ ਦੇ ਵਿੱਚ ਵੱਡੇ ਪੱਧਰ ‘ਤੇ ਨੌਜਵਾਨ ਸਰਪੰਚ ਬਣੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਨੌਜਵਾਨ ਸਰਪੰਚ ਹੁਣ ਪਹਿਲਾਂ ਤੋਂ ਵੀ ਵਧੇਰੇ ਤੇਜ਼ ਗਤੀ ਦੇ ਨਾਲ ਵਿਕਾਸ ਦਾ ਉਪਰਾਲਾ ਕਰਨਗੇ ਅਤੇ ਨਸ਼ਿਆਂ ਦੇ ਕੋਹੜ ਨੂੰ ਸੂਬੇ ਤੋਂ ਭਜਾਉਣ ਲਈ ਨਿੱਗਰ  ਯਤਨ ਵੀ ਕਰਨਗੇ।
       ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਬੱਲੋਮਾਜਰਾ ਦੀ ਫਿਰਨੀ ਨੂੰ ਪੱਕੀ ਕਰਨ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੀਤੀਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਸਰਪੰਚ ਚੁਣੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਚੁਣੇ ਗਏ ਨੌਜਵਾਨ ਸਰਪੰਚਾਂ ਨੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਵੀ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਤਹਿਤ ਅੱਜ ਪਿੰਡ ਬੱਲੋਮਾਜਰਾ ਦੀ ਫਿਰਨੀ ਨੂੰ ਪੱਕਿਆ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਲੰਬਾਈ ਇਕ ਕਿਲੋਮੀਟਰ ਅਤੇ ਚੌੜਾਈ ਲਗਭਗ 11 ਫੁੱਟ ਹੈ। ਇਸ ਨੂੰ ਬਣਾਉਣ ‘ਤੇ 28 ਲੱਖ ਰੁਪਏ ਦਾ ਖਰਚ ਆਵੇਗਾ। ਇਸ ਫਿਰਨੀ ਨੂੰ 60 ਐਮ.ਐਮ. ਦੀਆਂ ਇੰਟਰਲੋਕ ਟਾਈਲਾਂ /ਪੇਵਰ ਬਲਾਕ ਨਾਲ ਪੱਕਾ ਕੀਤਾ ਜਾਵੇਗਾ।
     ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਗੱਲ ਪਹਿਲਾਂ ਯਕੀਨੀ ਬਣਾਈ ਜਾਂਦੀ ਹੈ ਕਿ ਸ਼ੁਰੂ ਕੀਤਾ ਗਿਆ ਕੰਮ ਤੈਅ ਕੀਤੀ ਗਈ ਸਮਾਂ-ਸੀਮਾ ਦੇ ਵਿੱਚ ਖਤਮ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂਦੱਸਿਆ ਕਿ ਪਿੰਡ ਬੱਲੋਮਾਜਰਾ  ਦੀ ਫਿਰਨੀ ਦਾ ਕੰਮ ਲਗਭਗ ਦੋ ਮਹੀਨਿਆਂ ਦੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
     ਇਸ ਮੌਕੇ ਗੁਰਜਿੰਦਰ ਸਿੰਘ ਸਰਪੰਚ, ਜਸਵੀਰ ਕੌਰ, ਸੁਰਜਨ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ (ਸਾਰੇ ਮੈਂਬਰ ਪੰਚਾਇਤ), ਬਲਜੀਤ ਸਿੰਘ ਨੰਬਰਦਾਰ, ਮਨਜੀਤ ਸਿੰਘ, ਬਲਵੀਰ ਸਿੰਘ ਸਰਪੰਚ ਰਾਏਪੁਰ, ਕੁਲਵੀਰ ਸਿੰਘ ਸਰਪੰਚ ਬਰਿਆਲੀ, ਕੁਲਦੀਪ ਸਿੰਘ ਸਮਾਣਾ, ਡਾਕਟਰ ਕੁਲਦੀਪ ਸਿੰਘ, ਅਕਬਿੰਦਰ ਸਿੰਘ ਗੋਸਲ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ,ਤਰਲੋਚਨ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਪਿੰਕੀ, ਵਿਸ਼ਾਲ ਸਿੰਘ, ਗੁਰਪ੍ਰੀਤ ਸਿੰਘ ਬਲਿਆਲੀ, ਰਾਜਿੰਦਰ ਸਿੰਘ ਰਾਜੂ ਸਰਪੰਚ ਬੜ ਮਾਜਰਾ, ਮਲਕੀਤ ਸਿੰਘ ਬਲਾਕ ਪ੍ਰਧਾਨ,ਅਵਤਾਰ ਸਿੰਘ ਝਾਮਪੁਰ ਅਤੇ ਅਮਨ ਸਿੱਧੂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ :
ਵਿਧਾਇਕ ਕੁਲਵੰਤ ਸਿੰਘ ਪਿੰਡ ਬੱਲੋਮਾਜਰਾ ਦੀ ਫਿਰਨੀ ਨੂੰ ਪੱਕਿਆ ਕਰਨ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ।

Leave a Reply

Your email address will not be published. Required fields are marked *