
ਫਿਰੋਜ਼ਪੁਰ, 4 ਅਗਸਤ ( ) ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਸ਼ਹਿਰੀ ਹਲਕੇ ਦੇ ਵਾਰਡ ਨੰ: 01, 02, 03, 04, 05, 06, 07, 08, 09 ਅਤੇ 10 ਦੇ ਵਸਨੀਕਾਂ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਾਗਰੂਕ ਕਰਨ ਦੇ ਮੰਤਵ ਨਾਲ ਸਥਾਨਕ ਮਨਜੀਤ ਪੈਲੇਸ ਵਿਖੇ ਆਯੋਜਿਤ ਜਾਗਰੂਕਤਾ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਨੇ ਵੱਡੀ ਗਿਣਤੀ ‘ਚ ਮੌਜੂਦ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟਤਾ ਦਾ ਸੰਦੇਸ਼ ਦਿੱਤਾ ਅਤੇ ਨਸ਼ਾ ਮੁਕਤੀ ਅਤੇ ਨਸ਼ਿਆਂ ਦੇ ਖ਼ਾਤਮੇ ਵਿੱਚ ਸਰਕਾਰ ਦਾ ਸਹਿਯੋਗ ਕਰਨ ਦਾ ਸਮੂਹਿਕ ਹਲਫ ਦਿਵਾਇਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੀ ਜੜ੍ਹ ਪੁੱਟਣ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਾ ਸਰਗਰਮ ਹਿੱਸਾ ਬਣ ਕੇ ਪੰਜਾਬ ਤੇ ਖਾਸ ਕਰਕੇ ਆਪਣੇ ਵਾਰਡਾਂ, ਘਰਾਂ ਤੇ ਆਲੇ ਦੁਆਲੇ ਨੂੰ ਨਸ਼ਾ ਮੁਕਤ ਬਣਾਉਣ ਲਈ ਧੜੇਬੰਦੀ ਤੋਂ ਉੱਪਰ ਉੱਠ ਕੇ ਯੋਗਦਾਨ ਪਾਇਆ ਜਾਵੇ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਰਡ ਜਾਂ ਆਲੇ-ਦੁਆਲੇ ਨਸ਼ੇ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਜਾਂ ਵਟਸਐਪ ਨੰਬਰ 97791-00200 ’ਤੇ ਦੇਣ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡਾ. ਅਮਨਦੀਪ ਕੌਰ ਗੋਸਲ (ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ) ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਪੀੜਤਾਂ ਨੂੰ ਮੁੜ ਨਵਾਂ ਜੀਵਨ ਦੇਣ ਦੇ ਮੰਤਵ ਨਾਲ ਨਸ਼ਾ ਛੁਡਾਊ ਕੇਦਰਾਂ ਵਿੱਚ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਲਈ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਕੇ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਜੋ ਉਹ ਮੁੜ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਕੇ ਆਤਮ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ।
ਇਸ ਮੌਕੇ ਰਜਨੀਸ਼ ਸ਼ਰਮਾ, ਮੇਜਰ ਸਿੰਘ (ਬਲਾਕ ਪ੍ਰਧਾਨ), ਅਮਰੀਕ ਸਿੰਘ (ਬਲਾਕ ਪ੍ਰਧਾਨ), ਨਰਿੰਦਰ ਗਰੋਵਰ (ਬਲਾਕ ਪ੍ਰਧਾਨ), ਗੁਲਸ਼ਨ ਗੱਖੜ (ਬਲਾਕ ਪ੍ਰਧਾਨ), ਗਗਨ ਕੰਤੋੜ, ਗੁਰਜੀਤ ਸਿੰਘ ਚੀਮਾ, ਬਲਰਾਜ ਸਿੰਘ ਕਟੋਰਾ, ਮੱਸਾ ਸਿੰਘ, ਬਿੰਦਰ ਕੌਰ ਅਤੇ ਸ਼ਹਿਬਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।