
ਹਰੀਕੇ ਪੱਤਣ, (ਤਰਨ ਤਾਰਨ), 01 ਸਤੰਬਰ :
ਪੰਜਾਬ ਦੇ ਜੇਲ੍ਹ ਤੇ ਆਵਾਜਾਈ ਮੰਤਰੀ ਸ਼੍ਰੀ. ਲਾਲਜੀਤ ਸਿੰਘ ਭੁੱਲਰ ਨੇ ਅੱਜ ਸਬ-ਡਵੀਜ਼ਨ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਹੜ੍ਹਾਂ ਦੀ ਸਥਿਤੀ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਲੋੜਵੰਦ ਲੋਕਾਂ ਨੂੰ ਰਾਸ਼ਨ, ਫੂਡ ਕਿੱਟਾਂ, ਪਾਣੀ ਆਦਿ ਰਾਹਤ ਸਮੱਗਰੀ ਵੰਡੀ ਅਤੇ ਪਸ਼ੂਆਂ ਲਈ ਫੀਡ ਤੇ ਚਾਰੇ ਦਾ ਪ੍ਰਬੰਧ ਵੀ ਕੀਤਾ।
ਕੈਬਨਿਟ ਮੰਤਰੀ ਪ੍ਰਭਾਵਿਤ ਲੋਕਾਂ ਤੱਕ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਮੈਂ ਕੁਦਰਤੀ ਆਫ਼ਤ ਦੀ ਇਸ ਮੁਸ਼ਕਲ ਦੀ ਘੜੀ ਵਿੱਚ ਹਰ ਵਕਤ ਤੁਹਾਡੇ ਨਾਲ ਖੜ੍ਹਾ ਹਾਂ।
ਉਨ੍ਹਾਂ ਕਿਹਾ ਕਿ ਲੋਕਾਂ ਨਾਲ ਇਸ ਬਿਪਤਾ ਦੀ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫਤ ਕਰਕੇ ਵਾਪਰੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਹਰ ਉਪਰਾਲੇ ਕਰ ਰਹੀ ਹੈ, ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਮੱਦਦ ਦੀ ਲੋੜ ਹੈ, ਤਾਂ ਉਹ ਬੇਝਿਜਕ ਹੋ ਕੇ ਉਹਨਾਂ ਨੂੰ ਦੱਸਣ ਤਾਂ ਜੋ ਉਹਨਾਂ ਨੂੰ ਲੋੜੀਂਦੀ ਮੱਦਦ ਪਹੁੰਚਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਹਲਕੇ ਦੇ ਪਾਣੀ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਉਹ ਆਪ ਰਾਸ਼ਨ ਸਮੱਗਰੀ ਲੋਕਾਂ ਤੱਕ ਲੈ ਕੇ ਪਹੁੰਚ ਰਹੇ ਹਨ, ਤਾਂ ਜੋ ਕਿਸੇ ਨੂੰ ਵੀ ਇਸ ਮੁਸ਼ਕਿਲ ਦੀ ਘੜੀ ਵਿਚ ਖਾਣ-ਪੀਣ ਦੀ ਵਸਤੂਆਂ ਨੂੰ ਲੈ ਕੇ ਕੋਈ ਦਿਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਦੇ ਨਾਲ-ਨਾਲ ਪਸ਼ੂਆਂ ਲਈ ਵੀ ਉਹ ਫੀਡ, ਚਾਰਾ ਆਦਿ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਬੇਜ਼ੁਬਾਨਾ ਦੀ ਵੀ ਬਿਹਤਰ ਢੰਗ ਨਾਲ ਸੰਭਾਲ ਹੋ ਸਕੇ ਅਤੇ ਉਨ੍ਹਾਂ ਦੇ ਮਾਲੀ ਨੁਕਸਾਨ ਤੇ ਫਸਲਾਂ ਦੇ ਹੋਏ ਖਰਾਬੇ ਦੀ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।
ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਕਸਬਾ ਹਰੀਕੇ ਨੇੜੇ ਪਿੰਡ ਕਿੜੀਆਂ ਵਿਖੇ ਦਰਿਆ ਬਿਆਸ ਦੀ ਮਾਰ ਕਾਰਨ ਵੱਡੇ ਪੱਧਰ ‘ਤੇ ਜ਼ਮੀਨ ਨੂੰ ਲੱਗੀ ਢਾਹ ਦਾ ਜ਼ਇਜਾ ਲੈਣ ਲਈ ਪਹੁੰਚੇ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ।