ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਮਾਰਚ, 2024: ਭਾਰਤ ਦੇ ਚੋਣ ਕਮਿਸ਼ਨ ਦੇ ਸੰਦੇਸ਼ ‘ਮੇਰਾ ਪਹਿਲਾ ਵੋਟ ਦੇਸ਼ ਲਈ’ ਨੂੰ ਪਹਿਲੀ ਵਾਰ ਬਣੇ ਵੋਟਰਾਂ ਤੱਕ ਪਹੁੰਚਾਉਣ ਲਈ; ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਵਿਖੇ ਅੱਜ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਰਪ੍ਰਸਤੀ ਹੇਠ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਰਾਸ਼ਟਰੀ ਸੇਵਾ ਯੋਜਨਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਖੇਤਰੀ ਡਾਇਰੈਕਟਰ ਸ਼੍ਰੀਮਤੀ ਹਰਿੰਦਰ ਕੌਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਰਾਸ਼ਟਰੀ ਵਰਕਸ਼ਾਪ ਦੀ ਸ਼ੁਰੂਆਤ ਕੀਤੀ। ਮੁੱਖ ਮਹਿਮਾਨ ਹਰਿੰਦਰ ਕੌਰ ਨੇ ਰਾਸ਼ਟਰੀ ਸੇਵਾ ਯੋਜਨਾ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੋਟ ਦੇ ਅਧਿਕਾਰ ਅਤੇ ਸਵੱਛਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਵਰਕਸ਼ਾਪ ਦਾ ਵਿਸ਼ਾ ਸਵੱਛਤਾ ਅਤੇ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ‘ਸਵੱਛਤਾ ਹੀ ਸੇਵਾ’ ਅਤੇ ‘ਮੇਰਾ ਪਹਿਲਾ ਵੋਟ ਦੇਸ਼ ਕੋ’ ’ਤੇ ਆਧਾਰਿਤ ਹੈ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਨੇ ਐੱਨ.ਐੱਸ.ਐੱਸ. ਦੇ ਸਾਰੇ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਸਵੱਛਤਾ ਮੁਹਿੰਮ ਨੂੰ ਇੱਕ ਮੁਹਿੰਮ ਵਜੋਂ ਅੱਗੇ ਲਿਜਾਣ ਦਾ ਬੀੜਾ ਚੁੱਕਣ ਲਈ ਪ੍ਰੇਰਿਆ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਕਾਲਜਾਂ ਦੇ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਵਿੱਚ ਵੋਟ ਸਬੰਧੀ ਜਾਗਰੂਕਤਾ ਅਤੇ ਸਵੱਛਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸੇ ਲੜੀ ਤਹਿਤ ਮੁਹਾਲੀ ਦੇ ਜ਼ਿਲ੍ਹਾ ਸਵੀਪ ਨੋਡਲ ਪ੍ਰੋ: ਗੁਰਬਖਸ਼ੀਸ਼ ਸਿੰਘ ਨੇ ਵੋਟਿੰਗ ਜਾਗਰੂਕਤਾ ਅਤੇ ‘ਮੇਰਾ ਪਹਿਲਾ ਵੋਟ ਦੇਸ਼ ਲਈ’ ਵਿਸ਼ੇ ‘ਤੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਆਪਣੀ ਵੋਟ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਨਿਵੇਕਲੀ ਪਹਿਲਕਦਮੀ ਤਹਿਤ ਜ਼ਿਲ੍ਹਾ ਸਵੀਪ ਟੀਮ ਨੇ ਆਈ.ਪੀ.ਐੱਲ ਮੈਚਾਂ ਅਤੇ ਹੋਲੀ ਦੇ ਜਸ਼ਨਾਂ ਦੌਰਾਨ ਵੋਟ ਦੇ ਅਧਿਕਾਰ ਦੀ ਵਰਤੋਂ ਨੂੰ ਸਫ਼ਲਤਾਪੂਰਵਕ ਪ੍ਰਚਾਰਿਆ ਹੈ। ਵੋਟਿੰਗ ਜਾਗਰੂਕਤਾ ਅਤੇ ਸਵੱਛਤਾ ਹੀ ਸੇਵਾ ਸਬੰਧੀ ਰੈਲੀ ਵੀ ਕੱਢੀ ਗਈ ਅਤੇ ਅੰਤ ਵਿੱਚ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ‘ਚ ਆਲੇ-ਦੁਆਲੇ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲਗਭਗ 750 ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਸਫਲਤਾਪੂਰਵਕ ਕੀਤੀ ਗਈ। ਅੰਤ ਵਿੱਚ ਕਾਲਜ ਦੇ ਪ੍ਰੋਫੈਸਰ ਅਤੇ ਐਨ ਐਸ ਐਸ ਪ੍ਰੋਗਰਾਮ ਅਫਸਰ ਅਸ਼ੀਸ਼ ਕੁਮਾਰ ਬਾਜਪਾਈ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਬੁਲਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਸਾਰੇ ਐਨ ਐਸ ਐਸ ਵਲੰਟੀਅਰਾਂ ਦਾ ਇਸ ਪ੍ਰੋਗਰਾਮ ਵਿੱਚ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ 01 ਜੂਨ, 2024 ਨੂੰ ਆਉਣ ਵਾਲੇ ਲੋਕਤੰਤਰ ਦੇ ਤਿਉਹਾਰ ਵਿੱਚ, ਪਹਿਲੀ ਵਾਰ ਵੋਟ ਪਾਉਣ ਵਾਲੇ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਚੁਕਾਈ ਗਈ। ਪਹਿਲੀ ਵਾਰ ਬਣੇ ਵੋਟਰਾਂ ਨੂੰ ਵੋਟਿੰਗ ਦੇ ਅਧਿਕਾਰਾਂ ਦਾ ਪ੍ਰਚਾਰ ਕਰਨ ਵਾਲੀਆਂ ਕੈਪਾਂ ਅਤੇ ਟੀ-ਸ਼ਰਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਮੌਜੂਦ ਸਨ।

Leave a Reply

Your email address will not be published. Required fields are marked *