ਚੰਡੀਗੜ੍ਹ, 2 ਮਈ:

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਦੱਸਿਆ ਹੈ ਕਿ ਵੋਟਰ ਜਾਗਰੂਕਤਾ ਅਤੇ ਚੋਣ ਪ੍ਰਕਿਰਿਆ ਵਿੱਚ ਵੋਟਰਾਂ ਦੀ ਸ਼ਮੂਲੀਅਤ  ਵਧਾਉਣ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ 22,520 ਬੂਥ ਪੱਧਰੀ ਜਾਗਰੂਕਤਾ ਸਮੂਹ ਸਰਗਰਮ ਹਨ। ਇਹ ਸਮੂਹ ਜ਼ਮੀਨੀ ਪੱਧਰ ’ਤੇ ਚੋਣ ਸਾਖਰਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ ਬੂਥ ਪੱਧਰੀ ਜਾਗਰੂਕਤਾ ਸਮੂਹ ਹਰੇਕ ਪੋਲਿੰਗ ਬੂਥ ’ਤੇ ਬੂਥ ਲੈਵਲ ਅਫਸਰ (ਬੀ.ਐਲ.ਓ.) ਵੱਲੋਂ ਗਠਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸਮੂਹਾਂ ਵਿੱਚ ਬੂਥ ਖੇਤਰ ਦੇ ਸਕੂਲ/ਕਾਲਜਾਂ ਦੇ ਮੁਖੀ/ਨੁਮਾਇੰਦੇ, ਸਥਾਨਕ ਵਾਲੰਟੀਅਰ, ਸਿੱਖਿਅਕ, ਵਿਦਿਆਰਥੀ ਅਤੇ ਐਨ.ਜੀ.ਓ./ਸਵੈ-ਸਹਾਇਤਾ ਸਮੂਹ ਦੇ ਮੈਂਬਰ ਸ਼ਾਮਲ ਹੁੰਦੇ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਵੋਟਰਾਂ ਨੂੰ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ, ਵੋਟਰ ਵਜੋਂ ਰਜਿਸਟਰ ਕਿਵੇਂ ਕਰਨਾ ਹੈ ਅਤੇ ਵੋਟਰ ਸੂਚੀ ਵਿੱਚ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਸਬੰਧੀ ਜਾਣਕਾਰੀ ਅਤੇ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਨੂੰ ਯਕੀਨੀ ਬਣਾਉਣਾ ਹੈ।

ਇਸ ਪਹਿਲਕਦਮੀ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਬੂਥ ਪੱਧਰੀ ਜਾਗਰੂਕਤਾ ਸਮੂਹ ਸਾਡੇ ਵੋਟਰ ਜਾਗਰੂਕਤਾ ਪ੍ਰੋਗਰਾਮ ਦੀ ਮੁੱਖ ਕੜੀ ਹਨ। ਪੰਜਾਬ ਭਰ ਵਿੱਚ 22,000 ਤੋਂ ਵੱਧ ਸਮੂਹ ਸਰਗਰਮ ਹੋਣ ਦੇ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰੇਕ ਯੋਗ ਵੋਟਰ ਨੂੰ ਜਾਗਰੂਕ ਕਰਕੇ ਸਸ਼ਕਤ  ਬਣਾਇਆ ਜਾਵੇ ਅਤੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ। ਇਹ ਸਮੂਹ ਚੋਣ ਕਮਿਸ਼ਨ ਅਤੇ ਵੋਟਰਾਂ ਵਿਚਲੇ ਪਾੜੇ ਨੂੰ ਪੂਰਨ ਦਾ ਕੰਮ ਕਰਨਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਵੋਟਰਾਂ ਨੂੰ ਨਾਲ ਲੈ ਕੇ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਯੋਗਦਾਨ ਪਾਉਣਗੇ।

ਮੁੱਖ ਚੋਣ ਅਧਿਕਾਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਵੱਡੀ ਗਿਣਤੀ ਵਿੱਚ ਬੂਥ ਜਾਗਰੂਕਤਾ ਸਮੂਹਾਂ ਦੀ ਸਰਗਰਮੀ ਚੋਣਾਂ ਦੌਰਾਨ ਵਿਆਪਕ ਪੱਧਰ ਉੱਤੇ ਗਤੀਵਿਧੀਆਂ ਚਲਾਉਣ ਵਿੱਚ ਵੀ ਮਦਦ ਕਰੇਗੀ। ਇਨ੍ਹਾਂ ਗਤੀਵਿਧੀਆਂ ਵਿੱਚ ਵੋਟਰਾਂ ਦੀ ਗਿਣਤੀ ਨੂੰ ਵਧਾਉਣ ਲਈ ਘਰ-ਘਰ ਜਾਗਰੂਕਤਾ ਮੁਹਿੰਮਾਂ, ਨੁੱਕੜ ਨਾਟਕ, ਪੋਸਟਰ  ਪ੍ਰਦਰਸ਼ਨੀਆਂ ਅਤੇ ਕਮਿਊਨਿਟੀ ਮੀਟਿੰਗਾਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਵੋਟਰ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਬੂਥ ਪੱਧਰੀ ਜਾਗਰੂਕਤਾ ਸਮੂਹ ਪੰਜਾਬ ਵਿੱਚ ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਾਉਣ ਦਾ ਅਹਿਮ ਹਿੱਸਾ ਹਨ।

Leave a Reply

Your email address will not be published. Required fields are marked *