April 7, 2026
ਫਾਜ਼ਿਲਕਾ, 21 ਮਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸੋਮਵਾਰ ਦੀ ਰਾਤ ਭਾਰਤ ਪਾਕਿ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਦੁੱਜੀ ਕਤਾਰ ਦੇ ਬੀਐਸਐਫ ਤੇ ਪੁਲਿਸ ਤੇ ਸਾਂਝੇ ਨਾਕਿਆਂ (ਸੈਕੰਡ ਲਾਇਨ ਆਫ ਡਿਫੈਂਸ) ਦੀ ਅਚਾਨਕ ਚੈਕਿੰਗ ਕੀਤੀ। ਜਿਕਰਯੋਗ ਹੈ ਕਿ ਫ਼ਜਿਲਕਾ ਇੱਕ ਸਰਹੱਦੀ ਜ਼ਿਲ੍ਹਾ ਹੈ ਜਿਸਦੀ ਇਕ ਲੰਬੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ ਜਦ ਕਿ ਇਸਦੀਆਂ ਸੀਮਾਵਾਂ ਰਾਜਸਥਾਨ ਨਾਲ ਵੀ ਲੱਗਦੀਆਂ ਹਨ। ਚੋਣ ਕਮਿਸ਼ਨ ਦੀਆਂ ਪਾਕਿ ਨਾਲ ਜਾਂ ਦੂਜੇ ਰਾਜਾਂ ਨਾਲ ਸਰਹੱਦਾਂ ਸਾਂਝੀਆਂ ਕਰਨ ਵਾਲੇ ਜ਼ਿਲ੍ਹਿਆਂ ਨੁੰ ਵਿਸੇਸ਼ ਚੌਕਸੀ ਰੱਖਣ ਦੀਆਂ ਹਦਾਇਤਾਂ ਦੇ ਮੱਦੇਨਜਰ ਜ਼ਿਲ੍ਹੇ ਵਿਚ ਕੌਮਾਂਤਰੀ ਤੇ ਅੰਤਰਰਾਜੀ ਸਰਹੱਦ ਤੇ ਪੂਰੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਰਾਤ ਸਮੇਂ ਇਸ ਤਰਾਂ ਦੀ ਚੈਕਿੰਗ ਕਰਨ ਦਾ ਉਦੇਸ਼ ਜਿੱਥੇ ਸੁਰੱਖਿਆ ਪ੍ਰਬੰਧਾਂ ਨੂੰ ਪਰਖਨਾ ਸੀ ਉਥੇ ਹੀ ਇਸ ਨਾਲ ਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਗਈ। ਨਾਲ ਹੀ ਸਰਹੱਦੀ ਪਿੰਡਾਂ ਵਿਚ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੇ ਇਸ ਤਰਾਂ ਰਾਤ ਸਮੇਂ ਆਉਣ ਨਾਲ ਲੋਕਾਂ ਵਿਚ ਵੀ ਵਿਸਵਾਸ਼ ਵੱਧਦਾ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੀ 108 ਕਿਲੋਮੀਟਰ ਹੱਦ ਪਾਕਿਸਤਾਨ ਨਾਲ ਅਤੇ 79 ਕਿਲੋਮੀਟਰ ਹੱਦ ਰਾਜਸਥਾਨ ਨਾਲ ਲੱਗਦੀ ਹੈ ਜਿੱਥੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਹਰ ਇਕ ਵਾਹਨ ਜਾਂ ਵਿਅਕਤੀ ਦੀ ਜਾਂਚ ਤੋਂ ਬਾਅਦ ਹੀ ਉਸਨੂੰ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਜ਼ਿਲ੍ਹੇ ਵਿਚ 12 ਐਫਐਸਟੀ ਤੇ 12 ਐਸਐਸਟੀ ਵੀ 24 ਘੰਟੇ ਕਾਰਜਸ਼ੀਲ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ਼੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ 1 ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਚੜ੍ਹ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਅਤੇ ਹਰੇਕ ਨਾਗਰਿਕ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਦੇ ਵੋਟ  ਪਾਏ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਲਈ ਜਰੂਰੀ ਹੈ ਕਿ ਹਰੇਕ ਵੋਟਰ ਵੋਟ ਪਾਏ। ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਤੇ ਸੈਕੰਡ ਲਾਇਨ ਆਫ ਡਿਫੈਂਸ (ਦੂਜੀ ਸੁਰੱਖਿਆ ਕਤਾਰ) ਤੇ ਪੁਲਿਸ ਤੇ ਬੀਐਸਐਫ ਸਾਂਝੇ ਤੌਰ ਤੇ ਨਾਕਾਬੰਦੀ ਕਰਕੇ ਮਾੜੇ ਅਨਸਰਾਂ ਤੇ ਨਿਗਾ ਰੱਖ ਰਹੀਆਂ ਹਨ। ਉਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ ਅਤੇ ਲੋਕ ਨਿਡਰ ਹੋ ਕੇ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਕੌਮਾਂਤਰੀ ਸਰਹੱਦ ਹੋਵੇ, ਭਾਵੇਂ ਅੰਤਰਰਾਜੀ ਤੇ ਭਾਵੇਂ ਦੂਜੇ ਜ਼ਿਲ੍ਹਿਆਂ ਨਾਲ ਲੱਗਦੀ ਜ਼ਿਲ੍ਹੇ ਦੀ ਹੱਦ ਹੋਵੇ ਹਰ ਥਾਂ ਪੁਲਿਸ ਦਾ ਸਖ਼ਤ ਪਹਿਰਾ ਹੈ। ਇਸ ਮੌਕੇ ਉਨ੍ਹਾਂ ਨੇ ਜਵਾਨਾਂ ਨੂੰ ਚੌਕਸ ਨਿਗਾਹਾਂ ਨਾਲ ਪਹਿਰੇਦਾਰੀ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਹਰ ਇਕ ਤੇ ਤਿੱਖੀ ਨਜਰ ਰੱਖੀ ਜਾਵੇ। ਇਸ ਮੌਕੇ ਡੀਐਸਪੀ ਫਾਜ਼ਿਲਕਾ ਸੁਬੇਗ ਸਿੰਘ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਫਾਜ਼ਿਲਕਾ 21 ਮਈ 2024… ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 10 ਫਿਰੋਜਪੁਰ  ਦੇ ਲਈ ਨਾਮਜਦ ਖਰਚਾ ਨਿਗਰਾਨ ਸ਼੍ਰੀ ਨਗਿੰਦਰ ਯਾਦਵ ਨੇ ਅੱਜ ਫਾਜ਼ਿਲਕਾ ਜ਼ਿਲੇ ਦਾ ਦੌਰਾ ਕੀਤਾ ਅਤੇ ਇਸ ਉਪਰੰਤ ਉਨਾਂ ਨੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਪ੍ਰਕਾਰ ਦੇ ਚੋਣ ਖਰਚੇ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸ਼ੈਡੋ ਰਜਿਸਟਰ ਵਿੱਚ ਉਮੀਦਵਾਰਾਂ ਦੇ ਸਾਰੇ ਖਰਚ ਨੋਟ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਅਖਬਾਰਾਂ ਵਿੱਚ ਛਪਣ ਵਾਲੀਆਂ ਮੁੱਲ ਦੀਆਂ ਖਬਰਾਂ ਤੇ ਵੀ ਚੋਣ ਕਮਿਸ਼ਨ ਦੀ ਨਜ਼ਰ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵੀਐਸਟੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਕਿ ਸਿਆਸੀ ਪ੍ਰੋਗਰਾਮਾਂ ਦੀ ਮੌਕੇ ਤੇ ਜਾ ਕੇ ਵੀਡੀਓਗ੍ਰਾਫੀ ਕਰਦੀਆਂ ਹਨ ਅਤੇ ਉੱਥੇ ਉਮੀਦਵਾਰਾਂ ਵੱਲੋਂ ਕੀਤੇ ਖਰਚ ਅਤੇ ਵਰਤੇ  ਸਮਾਨ ਦੀ ਵੀਡੀਓ ਬਣਾ ਕੇ ਲਿਆਉਂਦੀਆਂ ਹਨ। ਜਿਸ ਦੀ ਵੀਡੀਓ ਵਿਯੂਇੰਗ ਟੀਮ ਵੱਲੋਂ ਵੇਖ ਕੇ ਉਕਤ ਪ੍ਰੋਗਰਾਮ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਖਰਚ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਤੈਅਸ਼ੁਦਾ ਰੇਟ ਅਨੁਸਾਰ ਰੇਟ ਬਣਾ ਕੇ ਖਰਚਾ ਨਿਗਰਾਨ ਟੀਮ ਵੱਲੋਂ ਉਕਤ ਅਨੁਸਾਰ ਖਰਚਾ ਉਮੀਦਵਾਰ ਦੇ ਸ਼ੈਡੋ ਰਜਿਸਟਰ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੁੱਲ ਦੀਆਂ ਖਬਰਾਂ ਅਤੇ ਸਿਆਸੀ ਇਸ਼ਤਿਹਾਰਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਲ੍ਾ ਫਾਜ਼ਲਕਾ ਵਿੱਚ ਹੁਣ ਤੱਕ ਦੋ ਸ਼ੱਕੀ ਪੇਡ ਨਿਊਜ਼ ਪਾਈਆਂ ਗਈਆਂ ਹਨ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।