ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਤੂਫਾਨ ਕਾਰਨ ਹੋਏ ਨੁਕਸਾਨ ਤੋਂ ਬਾਅਦ ਬਹਾਲੀ ਯਤਨਾਂ ਦੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ; ਪੀ.ਐਸ.ਪੀ.ਸੀ.ਐਲ. ਦੇ ਸ਼ਾਨਦਾਰ ਯਤਨਾਂ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 5 ਮਈ:ਪੰਜਾਬ ਵਿੱਚ 3 ਮਈ ਦੀ ਸਵੇਰ ਨੂੰ ਆਏ ਭਾਰੀ ਤੂਫਾਨ ਤੋਂ ਬਾਅਦ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਨਾਲ ਨੁਕਸਾਨ ਦਾ ਮੁਲਾਂਕਣ ਕਰਨ, ਬਹਾਲੀ ਦੇ ਯਤਨਾਂ ਦਾ ਜਾਇਜ਼ਾ ਲੈਣ ਅਤੇ ਭਵਿੱਖ ਵਿੱਚ ਅਜਿਹੀ ਸਥਿਤੀ ਨਾਲ ਨਜਿੱਠਣ ਸਬੰਧੀ ਤਿਆਰੀਆਂ ਦੀ ਰੂਪ-ਰੇਖਾ ਉਲੀਕਣ ਲਈ  ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ।

ਮੀਟਿੰਗ ਵਿੱਚ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ, ਡਾਇਰੈਕਟਰ, ਮੁੱਖ ਇੰਜੀਨੀਅਰ ਅਤੇ ਹੋਰ ਸੀਨੀਅਰ ਕਰਮਚਾਰੀ ਸ਼ਾਮਲ ਹੋਏ। ਸਥਿਤੀ ਦੀ ਵਿਆਪਕ ਸਮੀਖਿਆ ਤੋਂ ਪਤਾ ਲੱਗਾ ਹੈ ਕਿ ਤੂਫ਼ਾਨ ਨਾਲ ਮੋਹਾਲੀ, ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ 66 ਕੇ.ਵੀ. ਟ੍ਰਾਂਸਮਿਸ਼ਨ ਨੈੱਟਵਰਕ ਵੱਡੇ ਪੱਧਰ ’ਤੇ ਬਰਕਰਾਰ ਰਿਹਾ, ਪਰ ਵੰਡ ਬੁਨਿਆਦੀ ਢਾਂਚੇ ਦਾ ਕਾਫ਼ੀ ਨੁਕਸਾਨ ਹੋਇਆ। ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਗਿਆਰਾਂ ਕਿਲੋਵੋਲਟ (11 ਕੇਵੀ) ਦੇ ਲਗਭਗ 1300 ਫੀਡਰ ਖ਼ਰਾਬ ਹੋ ਗਏ, ਲਗਭਗ 1,500 ਖੰਭੇ ਟੁੱਟ ਗਏ ਹੋਏ, 300 ਤੋਂ ਵੱਧ ਟ੍ਰਾਂਸਫਾਰਮਰ ਪ੍ਰਭਾਵਿਤ ਹੋਏ ਅਤੇ 70 ਕਿਲੋਮੀਟਰ ਤੋਂ ਵੱਧ ਐਚ.ਟੀ/ਐਲ.ਟੀ. ਲਾਈਨਾਂ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ 220 ਕੇਵੀ ਦੇ ਇੱਕ ਟ੍ਰਾਂਸਮਿਸ਼ਨ ਟਾਵਰ ਨੂੰ ਨੁਕਸਾਨ ਪਹੁੰਚਿਆ। ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਬਿਜਲੀ ਦੇ ਕੱਟ ਤਿੰਨ ਗੁਣਾ ਵੱਧ ਸੀ, ਜਿਸ ਵਿੱਚ ਲਗਭਗ 8 ਕਰੋੜ ਰੁਪਏ ਦਾ ਅਨੁਮਾਨਤ ਨੁਕਸਾਨ ਹੋਇਆ।

 ਬਿਜਲੀ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਟੀਮਾਂ ਦੇ ਮੁਸਤੈਦ ਅਤੇ ਪੂਰਨ ਤਾਲਮੇਲ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਬੜੇ ਹੀ ਚੁਣੌਤੀਪੂਰਨ ਹਾਲਤਾਂ ਵਿੱਚ ਦਿਨ-ਰਾਤ ਕੰਮ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ 83000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਲਗਭਗ 70% ਸ਼ਿਕਾਇਤਾਂ ਸਿਰਫ਼ ਦੋ ਘੰਟਿਆਂ ਦੇ ਅੰਦਰ ਹੀ ਹੱਲ ਕੀਤੀਆਂ ਗਈਆਂ, ਜਦੋਂ ਕਿ ਬਾਕੀ ਮਾਮਲਿਆਂ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਨੁਕਸਾਨ ਸ਼ਾਮਲ ਸਨ , ਜਿਨ੍ਹਾਂ ਲਈ ਵਾਧੂ ਸਮਾਂ ਲੋੜੀਂਦਾ ਸੀ।

ਪੀ.ਐਸ.ਪੀ.ਸੀ.ਐਲ. ਦੀ ਨਿਰੰਤਰ ਨਿਗਰਾਨੀ, ਅਸਲ-ਸਮੇਂ ਦੇ ਤਾਲਮੇਲ ਅਤੇ ਵਿਆਪਕ ਫੀਡਰ ਗਸ਼ਤ ਦੇ ਕਾਰਨ 24 ਘੰਟਿਆਂ ਦੇ ਅੰਦਰ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਮੁੱਖ ਨੈੱਟਵਰਕ ਜਾਂ ਬਦਲਵੇਂ ਪ੍ਰਬੰਧਾਂ ਰਾਹੀਂ, ਬਿਜਲੀ ਸਪਲਾਈ ਨੂੰ ਸਫਲਤਾਪੂਰਵਕ ਬਹਾਲ ਕਰ ਦਿੱਤੀ ਗਈ। ਸਿਸਟਮ ਨੂੰ ਹੋਰ ਸਥਿਰ ਕਰਨ ਲਈ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਬਹਾਲੀ ਤਰਜੀਹੀ ਤੌਰ ’ਤੇ ਕੀਤੀ ਜਾ ਰਹੀ ਹੈ।

ਮੀਟਿੰਗ ਦੌਰਾਨ ਸੰਜੀਵ ਅਰੋੜਾ ਨੇ ਪੀਐਸਪੀਸੀਐਲ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ :

ਭਵਿੱਖ ਵਿੱਚ ਅਜਿਹੀਆਂ ਅਣ-ਕਿਆਸੀਆਂ ਮੌਸਮੀ ਘਟਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਡਿਜ਼ਾਸਟਰ ਪ੍ਰੀਪੇਅਰਡਨੈਸ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ।

ਰੁਕਾਵਟਾਂ ਨੂੰ ਘੱਟ ਤੋਂ ਘੱਟ ਕਰਨ ਲਈ ਰੋਕਥਾਮ ਰੱਖ-ਰਖਾਅ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇ।

ਤੇਜ਼ ਰਿਸਪਾਂਸ ਪ੍ਰਣਾਲੀ ਅਤੇ ਖੇਤਰ-ਪੱਧਰੀ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ।

ਜਲਦੀ ਹੱਲਾਂ ਲਈ ਖਪਤਕਾਰ ਸ਼ਿਕਾਇਤ ਨਿਵਾਰਨ ਵਿਧੀਆਂ ਵਿੱਚ ਸੁਧਾਰ ਕੀਤਾ ਜਾਵੇ।

ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਐਮਰਜੈਂਸੀ ਦੌਰਾਨ ਬਹਾਲੀ ਵਿੱਚ ਦੇਰੀ ਲਈ ਜ਼ੀਰੋ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਅਤੇ ਅਧਿਕਾਰੀਆਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਅਜਿਹੀ ਕਿਸੇ ਵੀ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਹਦਾਇਤ ਕੀਤੀ।

ਉਨ੍ਹਾਂ ਨੇ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਨੂੰ ਭਰੋਸੇਯੋਗ, ਨਿਰਵਿਘਨ ਅਤੇ ਗੁਣਵੱਤਾ ਭਰਪੂਰ ਬਿਜਲੀ ਸਪਲਾਈ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਦੁਹਰਾਈ। ਉਨ੍ਹਾਂ ਨੇ ਇੰਨੇ ਥੋੜ੍ਹੇ ਸਮੇਂ ਵਿੱਚ ਆਮ ਸਥਿਤੀ ਨੂੰ ਬਹਾਲ ਕਰਨ ਵਿੱਚ ਪੀ.ਐਸ.ਪੀ.ਸੀ.ਐਲ. ਦੇ ਫੀਲਡ ਸਟਾਫ, ਇੰਜੀਨੀਅਰਾਂ ਅਤੇ ਅਧਿਕਾਰੀਆਂ  ਦੇ ਸਮਰਪਣ ਅਤੇ ਅਣਥੱਕ ਯਤਨਾਂ ਦੀ  ਪ੍ਰਸ਼ੰਸਾ ਵੀ ਕੀਤੀ।

ਖਪਤਕਾਰਾਂ ਨੂੰ ਹੋਈ ਅਸੁਵਿਧਾ ਨੂੰ ਕਬੂਲਦਿਆਂ ਮੰਤਰੀ ਨੇ ਪੰਜਾਬ ਦੇ ਲੋਕਾਂ ਦਾ ਉਨ੍ਹਾਂ ਦੇ ਸਬਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸੂਬੇ ਭਰ ਵਿੱਚ ਇੱਕ ਹੋਰ ਮਜ਼ਬੂਤ ਅਤੇ ਵਿਵਸਥਿਤ ਬਿਜਲੀ ਬੁਨਿਆਦੀ ਢਾਂਚਾ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।


Posted

in

by

Comments

Leave a Reply

Your email address will not be published. Required fields are marked *