ਸ੍ਰੀ ਅਨੰਦਪੁਰ ਸਾਹਿਬ, 25 ਫਰਵਰੀ: ਖਾਲਸਾਈ ਸ਼ਾਨੋ-ਸ਼ੌਕਤ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪ੍ਰਬੰਧਕਾਰੀ ਕਾਰਜ ਤੇਜ਼ੀ ਨਾਲ ਜਾਰੀ ਹਨ। ਇਸ ਕੜੀ ਤਹਿਤ ਅੱਜ ਆਰਜ਼ੀ ਤਹਿਬਜ਼ਾਰੀ ਦੀ ਕਲੈਕਸ਼ਨ ਫੀਸ ਦੀ ਬੋਲੀ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਤਹਿਬਜ਼ਾਰੀ ਫੀਸ ਦੀ ਕੁੱਲ ਬੋਲੀ 76 ਲੱਖ 30 ਹਜ਼ਾਰ ਰੁਪਏ ਰਹੀ। ਇਸ ਵਿੱਚ ਠੇਕੇਦਾਰ ਕੁਲਵੰਤ ਸਿੰਘ ਵੱਲੋਂ 40 ਲੱਖ 5 ਹਜ਼ਾਰ ਰੁਪਏ ਅਤੇ ਅਸ਼ੋਕ ਕੁਮਾਰ ਵੱਲੋਂ 36 ਲੱਖ 25 ਹਜ਼ਾਰ ਰੁਪਏ ਦੀ ਬੋਲੀ ਲਗਾਈ ਗਈ, ਜਿਸਨੂੰ ਸਰਬ-ਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ, ਟੈਕਸ ਇੰਸਪੈਕਟਰ ਗੁਰਦੇਵ ਸਿੰਘ ਬਹਿਲੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨੁਮਾਇੰਦਗੀ ਕਰਦਿਆਂ ਮੈਡਮ ਪ੍ਰਿਅੰਕਾ ਸ਼ਰਮਾ ਜੇ.ਈ. ਹਾਜ਼ਰ ਸਨ। ਨਗਰ ਕੌਂਸਲ ਪ੍ਰਧਾਨ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਮੁੱਖ ਪੁਆਇੰਟਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਜਿਸਦਾ ਕਰੀਬ 33 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਕੈਮਰਿਆਂ ਦਾ ਕੰਟਰੋਲ ਰੂਮ ਪੁਲਿਸ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਸ਼ਹਿਰ ਵਿੱਚ ਹੋ ਰਹੀ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੰਗਤਾਂ ਅਤੇ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਕੌਂਸਲ ਵੱਲੋਂ ਸਫ਼ਾਈ, ਰੋਸ਼ਨੀ, ਟ੍ਰੈਫ਼ਿਕ ਪ੍ਰਬੰਧ ਅਤੇ ਹੋਰ ਸਹੂਲਤਾਂ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਸਮੇਤ ਗੁਰਦੇਵ ਸਿੰਘ ਬਹਿਲੂ, ਮੈਡਮ ਸੁਖਦੀਪ ਕੌਰ, ਰਮੇਸ਼ਵਰ ਸੋਨੀ, ਦਮਨਪ੍ਰੀਤ ਸਿੰਘ, ਜਾਗਰ ਸਿੰਘ, ਵਿਵੇਕ ਸ਼ਰਮਾ, ਕੇ. ਸ਼ਿਵ ਕੁਮਾਰ, ਸ਼ੈਲੀ ਅਰੋੜਾ, ਰਾਜਦੀਪ ਕੁਮਾਰ, ਅਸ਼ੋਕ ਕੁਮਾਰ ਅਤੇ ਕੁਲਵੰਤ ਸਿੰਘ ਹਾਜ਼ਰ ਸਨ।
