ਪਟਿਆਲਾ, 9 ਜੁਲਾਈ:
ਬਾਗ਼ਬਾਨੀ ਤੇ ਸੈਰ ਸਪਾਟਾ ਵਿਭਾਗ ਹਰਿਆਣਾ ਵੱਲੋਂ ਪਿੰਜੌਰ ਵਿਖੇ ਲਗਾਏ ਗਏ ਤਿੰਨ ਰੋਜ਼ਾ ਮੈਂਗੋ ਮੇਲੇ ‘ਚ ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਭਾਗ ਲੈ ਕੇ ਵਿਭਾਗ ਵੱਲੋਂ ਪੈਦਾ ਕੀਤੇ ਜਾ ਰਹੇ ਵੱਖ-ਵੱਖ ਕਿਸਮਾਂ ਦੇ ਅੰਬਾਂ ਅਤੇ ਅੰਬਾਂ ਤੋਂ ਤਿਆਰ ਕੀਤੇ ਗਏ ਹੋਰ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਮੇਲੇ ‘ਚ ਪੁੱਜੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗ਼ਬਾਨੀ ਸੰਦੀਪ ਸਿੰਘ ਗਰੇਵਾਲ ਦੱਸਿਆ ਕਿ ਅੰਬ ਮੇਲੇ ‘ਚ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਵਿੱਚ ਦੁਸ਼ਹਿਰੀ, ਲੰਗੜਾ, ਮਲਿਕਾ, ਮੀਆਜ਼ਾਕੀ, ਰਾਮ ਕੇਲਾ, ਕੁੱਪੀ ਆਦਿ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਅੰਬ ਦੇ ਆਚਾਰ, ਜੈਮ, ਚਟਨੀ, ਸੁਕੈਸ਼, ਅਤੇ ਜੂਸ ਆਦਿ ਵੀ ਪ੍ਰਦਰਸ਼ਿਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਬਾਗ਼ਬਾਨੀ ਵਿਭਾਗ ਪੰਜਾਬ ਨੂੰ ਉਸ ਦੀ ਵਧੀਆ ਪ੍ਰਦਰਸ਼ਨੀ ਲਈ ਸਨਮਾਨਿਤ ਕੀਤਾ ਗਿਆ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਮੇਲੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਮੁਸਲਮਾਨੀਆਂ ਦੇ ਕਿਸਾਨ ਅਜੀਤ ਸਿੰਘ (ਬਾਵਾ) ਵੱਲੋਂ ਵੱਖ ਵੱਖ ਕਿਸਮਾਂ ਅਤੇ ਫਲ਼ ਪਦਾਰਥਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ 11 ਹਜ਼ਾਰ ਰੁਪਏ ਦਾ ਨਕਦ ਇਨਾਮ, ਟਰਾਫ਼ੀ ਅਤੇ ਸਰਟੀਫਿਕੇਟ ਨਾਲ ਪੰਜਾਬ ਸਟੇਟ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਬਾਗ਼ਬਾਨਾਂ ਨੂੰ ਅਜਿਹੇ ਮੇਲਿਆਂ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਨਵੀਂਆਂ ਕਿਸਮਾਂ ਤੇ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ, ਉੱਥੇ ਹੀ ਕਾਰੋਬਾਰ ਨੂੰ ਵਧਾਉਣ ਦੇ ਮੌਕੇ ਵੀ ਪ੍ਰਦਾਨ ਹੁੰਦੇ ਹਨ। ਇਸ ਮੌਕੇ ਇੰਚਾਰਜ ਅਮਰੂਦ ਅਸਟੇਟ ਵਜੀਦਪੁਰ ਪਟਿਆਲਾ ਹਰਿੰਦਰਪਾਲ ਸਿੰਘ ਵੀ ਮੌਜੂਦ ਸਨ।