ਮੰਡੀ ਅਰਨੀਵਾਲਾ (ਫਾਜ਼ਿਲਕਾ) 19 ਜੂਨ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਦੀ ਬੁਰਾਈ ਦੇ ਜਿੱਤ ਪ੍ਰਾਪਤ ਕਰਨ ਲਈ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਨਸ਼ਾ ਪੀੜਤਾਂ ਨੂੰ ਇਲਾਜ ਲਈ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਸਿਹਤ ਸੰਸਥਾ ਤੱਕ ਲੈਕੇ ਆਉਣ ਲਈ ਪ੍ਰੋਜੈਕਟ ਆਸ ਦੀ ਸ਼ੁਰੂਆਤ ਅੱਜ ਅਰਨੀਵਾਲਾ ਤੋਂ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮਾਗਮ ਨੂੰ ਕਰਵਾਉਣ ਵਿਚ ਸੰਤ ਬਾਬਾ ਪ੍ਰੇਮ ਸਿੰਘ ਜੀ ਅਤੇ ਸੰਤ ਬਾਬਾ ਸੋਹਣ ਸਿੰਘ ਜੀ ਦੀ ਵਿਸੇਸ਼ ਸਹਿਯੋਗ ਰਿਹਾ ਅਤੇ ਸ਼ੁਰੂਆਤ ਮੌਕੇ ਉਹ ਵੀ ਵਿਸੇਸ਼ ਤੌਰ ਤੇ ਸਮਾਗਮ ਵਿਚ ਹਾਜਰ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਨਸ਼ੇ ਦੀ ਬਿਮਾਰੀ ਤੋਂ ਪੀੜਤਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਹੈ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਇਕ ਪਾਸੇ ਨਸ਼ੇ ਦੀ ਸਪਲਾਈ ਲਾਇਨ ਤੋੜੀ ਜਾ ਰਹੀ ਹੈ ਪਰ ਦੂਜੇ ਪਾਸੇ ਜੋ ਲੋਕ ਨਸ਼ੇ ਤੋਂ ਪੀੜਤ ਹਨ ਉਨ੍ਹਾਂ ਦੇ ਮਨਾਂ ਵਿਚ ਕਈ ਕਿਸਮ ਦੇ ਡਰ ਇਲਾਜ ਜਾਂ ਨਸ਼ਾ ਮੁਕਤੀ ਕੇਂਦਰ ਤੇ ਆਉਣ ਨੂੰ ਲੈਕੇ ਸਨ, ਇਹ ਪ੍ਰੋਗਰਾਮ ਇਹ ਡਰ ਅਤੇ ਭਰਮ ਦੂਰ ਕਰੇਗਾ ਅਤੇ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰੇਗਾ ਕਿ ਉਹ ਇਲਾਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਹ ਆਸ ਪ੍ਰੋਗਰਾਮ ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਆਸ ਦੀ ਕਿਰਨ ਬਣੇਗਾ ਜੋ ਇਸ ਦਲਦਲ ਵਿਚ ਕਿਸੇ ਕਾਰਨ ਫਸ ਗਏ ਸਨ ਪਰ ਹੁਣ ਉਹ ਇਸ ਵਿਚੋਂ ਬਾਹਰ ਨਿਕਲਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਵਿਚ ਵਿਆਪਕ ਸਮਾਜਿਕ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਜ ਕਰਵਾਉਣ ਵਾਲਿਆਂ ਦੀ ਪਹਿਚਾਣ ਗੁਪਤ ਰੱਖਦੇ ਹੋਏ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਐਸਐਸਪੀ ਗੁਰਮੀਤ ਸਿੰਘ ਨੇ ਇਸ ਮੌਕੇ ਜੋਰ ਦੇ ਕੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਖਿਲਾਫ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਕਿਸੇ ਨਾਲ ਵੀ ਢਿੱਲ ਨਹੀਂ ਵਰਤੀ ਜਾਵੇਗੀ ਪਰ ਜੋ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਬੇਝਿਜਕ ਇਸ ਲਈ ਅੱਗੇ ਆਵੇ, ਅਜਿਹੇ ਕਿਸੇ ਵਿਅਕਤੀ ਤੋਂ ਪੁਲਿਸ ਕੋਈ ਪੁੱਛਗਿਛ ਵੀ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜੀਵਨ ਕੀਮਤੀ ਹੈ ਅਤੇ ਇਸ ਨੂੰ ਖੁ਼ਸ਼ਗਵਾਰ ਬਣਾਉਣ ਦੀ ਆਸ ਨਾਲ ਇਹ ਪ੍ਰੋਜੈਕਟ ਉਲੀਕਿਆ ਗਿਆ ਹੈ। ਇਸ ਦੀ ਅੱਜ਼ ਸ਼ੁਰੂਆਤ ਤੋਂ ਬਾਅਦ ਸਾਰੀਆਂ ਸਬ ਡਵੀਜਨਾਂ ਵਿਚ ਸਡਿਉਲ ਅਨੁਸਾਰ ਇਸ ਤਰਾਂ ਦੇ ਆਊਟਰੀਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਿਵਾਰ ਵਿਚ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਨੂੰ ਅਣਗੌਲਿਆ ਨਾ ਕਰੋ ਸਗੋਂ ਪ੍ਰੇਰਿਤ ਕਰਕੇ ਇਲਾਜ ਲਈ ਲੈ ਕੇ ਆਵੋ। ਉਨ੍ਹਾਂ ਨੇ ਕਿਹਾ ਕਿ ਲੋਕ ਕਿਸੇ ਭਰਮ ਜਾਂ ਡਰ ਕਾਰਨ ਇਲਾਜ ਲਈ ਅੱਗੇ ਨਹੀਂ ਸੀ ਆ ਰਹੇ, ਪਰ ਹੁਣ ਜਦ ਅਸੀਂ ਪਿੰਡ ਪਿੰਡ ਜਾਵਾਂਗੇ ਤਾਂ ਇਹ ਡਰ ਭਰਮ ਦੂਰ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਇਲਾਜ ਲਈ ਲੈਕੇ ਆਵਾਂਗੇ।
ਸੰਤ ਬਾਬਾ ਸੋਹਣ ਸਿੰਘ ਨੇ ਇਸ ਮੌਕੇ ਪੁਲਿਸ ਤੇ ਪ੍ਰਸ਼ਾਸਨ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਨਸ਼ਾ ਇਲਾਜ ਯੋਗ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਨਾਲੋ ਨਾਤਾ ਤੋੜ ਕੇ ਜਿੰਦਗੀ ਨਾਲ ਨਾਤਾ ਜੋੜੀਏ। ਉਨ੍ਹਾਂ ਨੇ ਕਿਹਾ ਕਿ ਡਾਕਟਰ ਦੀ ਸਲਾਹ ਅਤੇ ਇਲਾਜ ਨਾਲ ਨਸ਼ਾ ਛੱਡਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਪ੍ਰੇਰਕ ਸ਼ਬਦਾਂ ਨਾਲ ਆਏ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।
ਡਾ: ਐਰਿਕ ਨੇ ਨਸ਼ੇ ਪੀੜਤਾਂ ਦੇ ਇਲਾਜ ਪ੍ਰਣਾਲੀਆਂ ਬਾਰੇ ਦੱਸਿਆ। ਐਸਪੀ ਡੀ ਮੁਖਤਿਆਰ ਰਾਏ ਅਤੇ ਡੀਐਸਪੀ ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਸ਼ੇ ਖਿਲਾਫ ਸਹੁੰ ਵੀ ਚੁਕਾਈ ਗਈ। ਐਚਐਚਓ ਅੰਗਰੇਜ ਸਿੰਘ ਵੀ ਇੱਥੇ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
42 ਲੋਕਾਂ ਨੇ ਮੌਕੇ ਤੇ ਕਰਵਾਈ ਰਜਿਸਟ੍ਰੇਸ਼ਨ
ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਪਲੇਠੇ ਸਮਾਗਮ ਵਿਚ ਆਸਪਾਸ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਤੋਂ ਪ੍ਰਭਾਵਿਤ ਹੋਕੇ 42 ਲੋਕਾਂ ਨੇ ਨਸ਼ੇ ਛੱਡਣ ਸਬੰਧੀ ਆਪਣੀ ਇੱਛਾ ਪ੍ਰਗਟ ਕਰਦਿਆਂ ਮੌਕੇ ਤੇ ਤਾਇਨਾਤ ਸਿਹਤ ਵਿਭਾਗ ਦੀ ਟੀਮ ਕੋਲ ਰਜਿਸਟ੍ਰੇਸ਼ਨ ਕਰਵਾਈ। ਇੰਨ੍ਹਾਂ ਵਿਚੋਂ 38 ਦਾ ਓਟ ਕਲੀਨਿਕ ਅਤੇ 4 ਦਾ ਨਸ਼ਾ ਮੁਕਤੀ ਕੇਂਦਰ ਤੋਂ ਸੋਮਵਾਰ ਤੋਂ ਬਕਾਇਦਾ ਇਲਾਜ ਸ਼ੁਰੂ ਹੋ ਜਾਵੇਗਾ।
