
ਸੰਗਰੂਰ, 06 ਅਗਸਤ (000) – ਭਾਰਤ ਸਰਕਾਰ ਦੇ ਅਦਾਰੇ ਨੀਤੀ ਅਯੋਗ ਵੱਲੋਂ ਸ਼ੁਰੂ ਕੀਤੇ ਗਏ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਬਲਾਕ ਧੂਰੀ ਦਾ ਸੰਪੂਰਨਤਾ ਅਭਿਆਨ ਸਨਮਾਨ ਸਮਾਰੋਹ ਅੱਜ ਸਥਾਨਕ ਸਨ ਪਾਰਕ ਮੈਰਿਜ ਪੈਲੇਸ, ਧੂਰੀ ਰੋਡ, ਸੰਗਰੂਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਬਲਾਕ ਧੂਰੀ ਨੂੰ ਦੇਸ਼ ਦੇ ਸਭ ਤੋਂ ਵਿਕਸਤ ਬਲਾਕਾਂ ਦੀ ਸ਼੍ਰੇਣੀ ਵਿੱਚ ਲਿਆਉਣ ਦਾ ਅਹਿਦ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਸੁਖਚੈਨ ਸਿੰਘ ਪਪੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ ਪਪੜਾ ਨੇ ਕਿਹਾ ਕਿ ਨੀਤੀ ਆਯੋਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਵੱਖ-ਵੱਖ ਖਾਸ ਖੇਤਰਾਂ ਵਿੱਚ ਅੱਗੇ ਲਿਜਾਣ ਲਈ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਚਲਾਇਆ ਗਿਆ ਸੀ, ਜਿਸ ਤਹਿਤ ਬਲਾਕ ਧੂਰੀ ਨੂੰ ਐਸਪੀਰੇਸ਼ਨਲ ਬਲਾਕ ਘੋਸ਼ਿਤ ਕੀਤਾ ਗਿਆ ਸੀ। ਪ੍ਰੋਗਰਾਮ ਤਹਿਤ ਬਲਾਕ ਦੇ ਕਮਜ਼ੋਰ ਖੇਤਰਾਂ ਨੂੰ ਮਜ਼ਬੂਤੀ ਦੇਣ ਲਈ ਬਹੁਤ ਸਾਰੇ ਮਹੱਤਵਪੂਰਨ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਕੁਝ ਕਾਰਵਾਈ ਅਧੀਨ ਹਨ।ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ਵਿੱਚ ਬਲਾਕ ਧੂਰੀ ਹੁਣ ਤਰੱਕੀ ਕਰ ਰਿਹਾ ਹੈ। ਉਹਨਾਂ ਸਮੂਹ ਧਿਰਾਂ ਨੂੰ ਸੱਦਾ ਦਿੱਤਾ ਕਿ ਉਹ ਬਲਾਕ ਧੂਰੀ ਨੂੰ ਦੇਸ਼ ਦਾ ਵਿਕਸਤ ਬਲਾਕ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।
ਦੱਸਣਯੋਗ ਹੈ ਕਿ ਇਸ ਅਭਿਆਨ ਬਲਾਕ ਧੂਰੀ ਵਿਖੇ ਵੱਖ ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਅਭਿਆਨ ਤਹਿਤ ਜਿਹੜੇ 6 ਪਹਿਲੂਆਂ ਦੇ ਟੀਚਿਆਂ ਨੂੰ ਸਤ ਫੀਸਦੀ ਪੂਰਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਨਾਲ ਸਬੰਧਤ ਕਾਰਜ ਸ਼ਾਮਲ ਹਨ। ਉਨ੍ਹਾਂ ਨੀਤੀ ਆਯੋਗ ਦੇ ਇਸ ਪ੍ਰੋਗਰਾਮ ਦੇ ਸੰਪੂਰਨਤਾ ਅਭਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਮੂਹ ਵਿਭਾਗਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਫਰੰਟਲਾਈਨ ਵਰਕਰਾਂ ਅਤੇ ਅਧਿਕਾਰੀਆਂ ਦਾ ਸਨਮਾਨ ਕੀਤਾ। ਉਹਨਾਂ ਕਿਹਾ ਕਿ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਦਾ ਮੁੱਖ ਉਦੇਸ਼ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ।
ਜ਼ਿਲ੍ਹਾ ਪ੍ਰਸ਼ਾਸਨ, ਸੰਗਰੂਰ ਵੱਲੋਂ ਸਥਾਨਕ ਪ੍ਰਤਿਭਾ ਅਤੇ ਉੱਦਮ ਦੀ ਇੱਕ ਜੀਵੰਤ ਪ੍ਰਦਰਸ਼ਨੀ – ਅਕਾਂਕਸ਼ਾ ਹਾਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਹ ਪ੍ਰਦਰਸ਼ਨੀ ਇਕ ਹਫ਼ਤਾ ਚੱਲੇਗੀ। ਇਸ ਪ੍ਰਦਰਸ਼ਨੀ ਵਿੱਚ ਸਥਾਨਕ ਕਾਰੀਗਰਾਂ ਅਤੇ ਉੱਦਮੀਆਂ ਦੁਆਰਾ ਤਿਆਰ ਕੀਤੇ ਗਏ ਦਸਤਕਾਰੀ, ਹੱਥ-ਖੱਡੀਆਂ ਤੇ ਜੈਵਿਕ ਉਤਪਾਦਾਂ ਅਤੇ ਰਵਾਇਤੀ ਭੋਜਨ ਸਟਾਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਵਨੀਤ ਸ਼ਰਮਾ, ਡਿਪਟੀ ਸੀ.ਈ.ਓ., ਜ਼ਿਲ੍ਹਾ ਪ੍ਰੀਸ਼ਦ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਧਰਮਿੰਦਰਜੀਤ ਸਿੰਘ, ਸੰਗਰੂਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।