
ਚੰਡੀਗੜ੍ਹ, 2 ਸਤੰਬਰ:
ਤਰਨ ਤਾਰਨ ਵਿਧਾਨ ਸਭਾ ਹਲਕਾ-21 ਦੀ ਜ਼ਿਮਨੀ ਚੋਣ ਤੋਂ ਪਹਿਲਾਂ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਫੋਟੋ ਵੋਟਰ ਸੂਚੀ ਦੀ ਚੱਲ ਰਹੀ ਵਿਸ਼ੇਸ਼ ਸੰਖੇਪ ਸੋਧ ਬਾਰੇ ਚਰਚਾ ਕਰਨ ਲਈ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਬੁਲਾਈ। ਇਸ ਵੋਟਰ ਸੂਚੀ ਦੀ ਯੋਗਤਾ ਮਿਤੀ 1 ਜੁਲਾਈ, 2025 ਹੈ।
ਮੀਟਿੰਗ ਦੌਰਾਨ ਸਿਬਿਨ ਸੀ ਨੇ ਰਾਜਨੀਤਿਕ ਪਾਰਟੀਆਂ ਨੂੰ 2 ਸਤੰਬਰ 2025 ਨੂੰ ਵੋਟਰ ਸੂਚੀ ਦੇ ਖਰੜੇ ਦੀ ਪ੍ਰਕਾਸ਼ਨਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤਤਾ ਅਤੇ ਏਕੀਕਰਨ ਮੁਕੰਮਲ ਕਰ ਲਿਆ ਗਿਆ ਹੈ।
ਹਲਕੇ ਵਿੱਚ ਹੁਣ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 222 (ਸ਼ਹਿਰੀ – 60 ਅਤੇ ਪੇਂਡੂ – 162) ਹੈ। ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੀ ਗਿਣਤੀ 1,200 ਤੋਂ ਵੱਧ ਨਾ ਹੋਵੇ ਅਤੇ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਲਈ ਦੋ ਕਿਲੋਮੀਟਰ ਤੋਂ ਵੱਧ ਸਫ਼ਰ ਤੈਅ ਨਾ ਕਰਨਾ ਪਵੇ।
ਡਰਾਫਟ ਸੂਚੀ ਦੇ ਅਨੁਸਾਰ ਤਰਨ ਤਾਰਨ ਵਿਧਾਨ ਸਭਾ ਹਲਕਾ -21 ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,93,275 ਹੈ। ਦਾਅਵੇ ਅਤੇ ਇਤਰਾਜ਼ 2 ਸਤੰਬਰ ਤੋਂ 17 ਸਤੰਬਰ 2025 ਤੱਕ ਦਾਇਰ ਕੀਤੇ ਜਾ ਸਕਦੇ ਹਨ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 30 ਸਤੰਬਰ 2025 ਨੂੰ ਨਿਰਧਾਰਤ ਕੀਤੀ ਗਈ ਹੈ।
ਸਿਬਿਨ ਸੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੋਟਰਾਂ ਨੂੰ ਅੱਪਡੇਟ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਵੋਟਰਾਂ ਦੀ ਮਦਦ ਕਰਨ ਲਈ ਬੂਥ ਲੈਵਲ ਏਜੰਟਾਂ (ਬੀ.ਐਲ.ਏਜ਼) ਨੂੰ ਤਾਇਨਾਤ ਕਰਕੇ ਸੋਧ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸਿਬਿਨ ਸੀ ਨੇ ਕਿਹਾ, “ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਲਈ ਸਿਆਸੀ ਪਾਰਟੀਆਂ ਦਾ ਸਹਿਯੋਗ ਬਹੁਤ ਅਹਿਮ ਹੈ। ਉਨ੍ਹਾਂ ਦੇ ਬੂਥ ਲੈਵਲ ਏਜੰਟਾਂ ਰਾਹੀਂ, ਅਸੀਂ ਸਾਰੀਆਂ ਪਾਰਟੀਆਂ ਨੂੰ ਵੋਟਰਾਂ ਤੱਕ ਪਹੁੰਚ ਕਰਨ, ਵੋਟਰਾਂ ਦੀ ਤਸਦੀਕ ਨੂੰ ਉਤਸ਼ਾਹਿਤ ਕਰਨ ਅਤੇ ਵੋਟਰ ਸੂਚੀ ਦੀ ਸੋਧ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਅਪੀਲ ਕਰਦੇ ਹਾਂ।”
ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਵੋਟਰਾਂ ਦੁਆਰਾ ਈ.ਆਰ.ਓ. ਦੇ ਹੁਕਮਾਂ ਵਿਰੁੱਧ ਡੀ.ਈ.ਓ. ਨੂੰ ਦਾਅਵਿਆਂ ਅਤੇ ਇਤਰਾਜ਼ਾਂ ਦੇ ਸਬੰਧ ਵਿੱਚ 15 ਦਿਨਾਂ ਦੇ ਅੰਦਰ ਅਪੀਲ ਕਰਨ ਦੇ ਉਪਬੰਧ ਬਾਰੇ ਦੱਸਿਆ ਅਤੇ ਇਸ ਦੇ ਨਾਲ ਹੀ ਗਲਤੀ ਨਾਲ ਹਟਾਏ ਗਏ ਨਾਵਾਂ ਨੂੰ ਸ਼ਾਮਲ ਕਰਨ ਅਤੇ ਜੇਕਰ ਲੋੜ ਹੋਵੇ ਤਾਂ ਆਰਪੀ ਐਕਟਾਂ/ਨਿਯਮਾਂ ਅਨੁਸਾਰ ਮੁੱਖ ਚੋਣ ਅਧਿਕਾਰੀ (ਸੀਈਓ) ਤੱਕ ਪਹੁੰਚ ਕਰਨ ਦੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ।