ਸ੍ਰੀ ਮੁਕਤਸਰ ਸਾਹਿਬ, 5 ਜੁਲਾਈ:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਅਨ ਟੈਨਿਸ ਖੇਡ ਦੇ ਕੋਚ ਦੀ ਤੈਨਾਤੀ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪਹਿਲਾਂ ਲਾਅਨ ਟੈਨਿਸ ਦਾ ਕੋਰਟ ਤਿਆਰ ਕਰਵਾਇਆ ਗਿਆ ਸੀ ਅਤੇ ਹੁਣ ਪੰਜਾਬ ਖੇਡ ਵਿਭਾਗ ਵੱਲੋਂ ਇੱਥੇ ਕੋਚ ਦੀ ਤੈਨਾਤੀ ਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਚ ਵਲੋਂ ਆਪਣਾ ਕੋਚਿੰਗ ਸੈਂਟਰ ਸਵੇਰੇ ਅਤੇ ਸ਼ਾਮ ਦੇ ਸਮੇਂ ਇਸ ਕੋਰਟ ਵਿੱਚ ਚਲਾਇਆ ਜਾ ਰਿਹਾ ਹੈ।
ਡੀ.ਸੀ. ਅਭਿਜੀਤ ਕਪਲਿਸ਼ ਨੇ ਕਿਹਾ ਕਿ ਲਾਅਨ ਟੈਨਿਸ ਇਕ ਚੰਗੀ ਗੇਮ ਹੈ ਜਿਸ ਨਾਲ ਕਾਰਡੀਓਵੇਸਕੁਲਰ ਤੰਦਰੁਸਤੀ ਵਿੱਚ ਸੁਧਾਰ ਆਉਂਦਾ ਹੈ। ਟੈਨਿਸ ਦੀਆਂ ਗਤੀਵਿਧੀਆਂ ਪੈਰਾਂ, ਬਾਹਾਂ ਅਤੇ ਕੋਰ ਵਿੱਚ ਤਾਕਤ ਪੈਦਾ ਕਰਦੀਆਂ ਹਨ। ਉਨ੍ਹਾਂ ਵੱਲੋਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਸ ਖੇਡ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਲਾਅਨ ਟੈਨਿਸ ਕੋਚ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਹਦਾਇਤ ਵੀ ਕੀਤੀ ਗਈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਸਿਰਫ ਖੇਡਾਂ ਦੇ ਵਿਕਾਸ ਲਈ ਨਹੀਂ, ਸਗੋਂ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵੱਲ ਇਕ ਮਜ਼ਬੂਤ ਕਦਮ ਹੈ।
ਡੀ.ਸੀ. ਨੇ ਕਿਹਾ ਕਿ ਤਜਰਬੇਕਾਰ ਕੋਚ ਦੀ ਨਿਯੁਕਤੀ ਨਾਲ ਖਿਡਾਰੀਆਂ ਨੂੰ ਪ੍ਰੋਫੈਸ਼ਨਲ ਮਾਰਗਦਰਸ਼ਨ ਮਿਲੇਗਾ, ਜੋ ਉਨ੍ਹਾਂ ਦੀ ਪ੍ਰਦਰਸ਼ਨ-ਕੁਸ਼ਲਤਾ ਨੂੰ ਨਿਖਾਰੇਗਾ। ਇਹ ਪਹਿਲ ਇੱਕ ਨਵੀਨ ਯੁਗ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ, ਜਿੱਥੇ ਖਿਡਾਰੀਆਂ ਨੂੰ ਮੌਕੇ ਅਤੇ ਮਾਰਗਦਰਸ਼ਨ ਮਿਲਣਗੇ। ਇਹ ਖੇਡ ਕੋਚ ਹਲਕੇ ਦੇ ਨੌਜਵਾਨਾਂ ਨੂੰ ਵੱਖ ਵੱਖ ਖੇਡਾਂ ਦੀ ਸਿਖਲਾਈ ਦੇਣਗੇ, ਉਥੇ ਹੀ ਸਿਹਤਮੰਦ ਅਤੇ ਨਿਰੋਗ ਜੀਵਨ ਬਤੀਤ ਕਰਨ ਲਈ ਸੇਧ ਵੀ ਮੁਹਈਆ ਕਰਵਾਉਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਭਵਿੱਖ ਬਹੁਤ ਹੀ ਸੁਨਹਿਰਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਪੂਰਾ ਲਾਭ ਲੈਣ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਅਨਿੰਦਰਵੀਰ ਕੌਰ ਬਰਾੜ ਅਤੇ ਨਵੇਂ ਤੈਨਾਤ ਕੀਤੇ ਕੋਚ ਰਜਤ ਸ਼ਰਮਾ ਵੀ ਹਾਜ਼ਰ ਸਨ।