ਜਮੀਨੀ ਪੱਧਰ ਤੇ ਨਵਾਚਾਰ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਦੀ ਪਹਿਲ, 20 ਫਰਵਰੀ ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ 30 ਜਨਵਰੀ
ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਵੱਲੋਂ ਗ੍ਰਾਸ ਰੂਟ ਇਨੋਵੇਟਰਸ (ਜਮੀਨੀ ਪੱਧਰ ਤੇ ਨਵਾਚਾਰ) ਨੂੰ ਸਸ਼ਕਤ ਬਣਾਉਣ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ। ਜਿਸ ਤਹਿਤ ਨਵੇਂ ਉਤਪਾਦਾਂ ਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਜਮੀਨੀ ਪੱਧਰ ਤੇ ਨਵੀਂਆਂ ਖੋਜਾਂ ਕਰਨ ਵਾਲਿਆਂ ਤੋਂ ਅਰਜੀਆਂ ਮੰਗੀਆਂ ਹਨ। ਇਸ ਸਬੰਧੀ ਪਰਿਸ਼ਦ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਇੱਥੇ ਵੱਖ ਵੱਖ ਵਿਭਾਗਾਂ ਅਤੇ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਤਾਇਨਾਤ ਕੌਂਸਲਰਾਂ ਲਈ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਨੇ ਕਿਹਾ ਇਸ ਲਈ ਉਹ ਲੋਕ ਅਰਜੀ ਦੇ ਸਕਦੇ ਹਨ ਜਿੰਨ੍ਹਾਂ ਦੀਆਂ ਖੋਜਾਂ ਵਿਅਕਤੀਆਂ ਜਾਂ ਸਮਾਜ ਦੀਆਂ ਲੋੜਾਂ ਜਾਂ ਚੁਣੌਤੀਆਂ ਨੂੰ ਹੱਲ ਕਰ ਸਕਦੀਆਂ ਹਨ। ਉਨ੍ਹਾਂ  ਨੇ ਦੱਸਿਆ ਕਿ ਚੁਣੇ ਗਏ ਇਨੋਵੇਟਰਾਂ ਨੂੰ 1 ਲੱਖ ਰੁਪਏ ਤੱਕ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਤਕਨੀਕ ਸਬੰਧੀ ਉਨ੍ਹਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ।ਉਨ੍ਹਾਂ ਨੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਤੋਂ ਡਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ  ਬੌਧਿਕ ਸੰਪਦਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਪ੍ਰਮਾਣਿਕਤਾ ਅਤੇ ਸਕੇਲ ਵਧਾਉਣ ਲਈ ਤਾਲਮੇਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਲਈ ਕਿਸਾਨ, ਵਿਦਿਆਰਥੀ (ਜੋ ਕਿ ਸਕੂਲ ਕਾਲਜ, ਆਈਟੀਆਈ, ਪੋਲੀਟੈਕਨਿਕ ਜਾਂ ਡਿਪਲੋਮਾ ਧਾਰਕ ਹੋਣ) ਜਾਂ ਸਵੇ ਰੁਜ਼ਗਾਰ ਵਿਅਕਤੀ ਜਿਵੇਂ ਕਿ ਕਾਰੀਗਰ ਅਤੇ ਮਕੈਨਿਕ ਆਦਿ, ਘਰੇਲੂ ਮਹਿਲਾਵਾਂ, ਉਦਯੋਗ ਕਰਮਚਾਰੀ ਜਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਚੋਂ ਕੋਈ ਵੀ ਹੋਰ ਵਿਅਕਤੀ ਅਰਜ਼ੀ ਦੇ ਸਕਦਾ ਹੈ। ਇਸ ਲਈ ਆਨਲਾਈਨ ਤਰੀਕੇ ਨਾਲ ਲਿੰਕ https://docs.google.com/forms/d/e/1FAIpQLSdJhGSLY_jcDd8tatFfjwTiXH3spET923XH7Z3BFeH4rFc-7Q/viewform?usp=send_form  ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਵੱਲੋਂ ਪੰਜਾਬ ਦੇ ਜਮੀਨੀ ਪੱਧਰ ਦੇ ਇਨੋਵੇਟਰਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪਿਛਲੇ ਦੋ ਸਾਲਾਂ ਵਿੱਚ ਜਮੀਨੀ ਪੱਧਰ ਤੇ 1000 ਤੋਂ ਵੱਧ ਨਵੀਨਤਾਵਾਂ ਦੀ ਪਹਿਚਾਣ ਕੀਤੀ ਗਈ ਹੈ ਜਿਨਾਂ ਵਿੱਚੋਂ 16 ਚੁਣੇ ਗਏ ਇਨੋਵੇਟਰਾਂ ਨੂੰ ਰਾਜ ਪਧਰੀ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਹ ਪਹਿਲ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ।  ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਵੀ ਸਮਾਜ ਹਿੱਤ ਵਿਚ ਇਸ ਤਰਾਂ ਦਾ ਕੋਈ ਨਵਾਚਾਰ ਕੀਤਾ ਹੈ ਉਹ ਇਸ ਸਬੰਧੀ ਅਰਜੀ ਜਰੂਰ ਦੇਣ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਤੋਂ ਫੰਕਸ਼ਨਲ ਮੈਨੇਜਰ ਸ੍ਰੀ ਕੁਲਵੰਤ ਵਰਮਾ ਅਤੇ ਨਿਰਵੈਰ ਸਿੰਘ, ਸਿੱਖਿਆ ਵਿਭਾਗ ਤੋਂ ਗੁਰਛਿੰਦਰਪਾਲ ਸਿੰਘ ਸਮੇਤ ਜ਼ਿਲੇਹ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਵਿਸੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *