ਚੰਡੀਗੜ੍ਹ, 31 ਜੁਲਾਈ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਵਿਖੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਭੇਂਟ ਕੀਤੀ।

ਸ਼ਹੀਦ ਊਧਮ ਸਿੰਘ ਦੇ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਸਪੀਕਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਲੰਡਨ ਜਾ ਕੇ ਜ਼ਲ੍ਹਿਆਂਵਾਲਾ ਬਾਗ ਦਾ ਬਦਲਾ ਲਿਆ। ਉਨ੍ਹਾਂ ਕਿਹਾ ਕਿ 13 ਅਪ੍ਰੈਲ, 1919 ਨੂੰ ਜ਼ਲ੍ਹਿਆਂਵਾਲਾ ਬਾਗ ਵਿੱਚ ਜੋ ਵਾਪਰਿਆ ਸੀ, ਉਸ ਨਾਲ ਪੂਰੇ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਗੁੱਸਾ ਸਿਖਰਾਂ ‘ਤੇ ਸੀ ਅਤੇ ਪੰਜਾਬ ਦੇ ਨੌਜਵਾਨ ਸ. ਊਧਮ ਸਿੰਘ ਨੇ ਇਸ ਬੇਰਹਿਮ ਕਤਲੇਆਮ ਦਾ ਬਦਲਾ ਲੈਣ ਦਾ ਅਹਿਦ ਲਿਆ ਸੀ।

ਸਪੀਕਰ ਨੇ ਕਿਹਾ ਕਿ ਲੰਡਨ ਵਿਚ ਸ. ਊਧਮ ਸਿੰਘ ਦੇ ਠਹਿਰਨ ਦਾ ਉਦੇਸ਼ ਪੰਜਾਬ ਦੇ ਗਵਰਨਰ ਰਹੇ ਮਾਈਕਲ ਓਡਵਾਇਰ ਦੀ ਹੱਤਿਆ ਕਰਨ ਦਾ ਮੌਕਾ ਲੱਭਣਾ ਸੀ, ਜਿਸ ਨੂੰ ਉਨ੍ਹਾਂ ਨੇ ਅੰਮ੍ਰਿਤਸਰ ਕਤਲੇਆਮ ਲਈ ਜ਼ਿੰਮੇਵਾਰ ਮੰਨਿਆ ਸੀ। ਉਨ੍ਹਾਂ ਕਿਹਾ ਕਿ 13 ਮਾਰਚ, 1940 ਨੂੰ ਈਸਟ ਇੰਡੀਆ ਐਸੋਸੀਏਸ਼ਨ ਦੀ ਇੱਕ ਮੀਟਿੰਗ ਦੌਰਾਨ ਸ. ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਜ਼ਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸ. ਊਧਮ ਸਿੰਘ ਨੂੰ 31 ਜੁਲਾਈ, 1940 ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।

ਸ. ਸੰਧਵਾਂ ਨੇ ਕਿਹਾ ਕਿ ਲਗਭੱਗ ਸਾਢੇ ਅੱਠ ਦਹਾਕਿਆਂ ਬਾਅਦ ਵੀ ਸ਼ਹੀਦ ਊਧਮ ਸਿੰਘ ਲੱਖਾਂ ਲੋਕਾਂ ਦੇ ਦਿਲਾਂ ਵਸਦੇ ਹਨ ਅਤੇ ਉਨ੍ਹਾਂ ਦੀ ਹਿੰਮਤ, ਦਲੇਰੀ ਅਤੇ ਸਮਰਪਣ ਪੀੜ੍ਹੀ ਦਰ ਪੀੜ੍ਹੀ ਪ੍ਰੇਰਣਾ ਦਿੰਦਾ ਰਹੇਗਾ।

Leave a Reply

Your email address will not be published. Required fields are marked *