ਤਰਨ ਤਾਰਨ, 26 ਜੂਨ

ਪੰਜਾਬ ਦੇ ਮਾਨਯੋਗ ਸਿਹਤ ਮੰਤਰੀ, ਡਾ. ਬਲਬੀਰ ਸਿੰਘ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ  ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਅਤੇ ਸਰਕਾਰੀ ਹਸਪਤਾਲ, ਤਰਨ ਤਾਰਨ ਵਿਖੇ  ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ, ਡਾ ਵਰਿੰਦਰ ਪਾਲ ਕੌਰ, ਸੀਨੀਅਰ ਮੈਡੀਕਲ ਅਫ਼ਸਰ, ਤਰਨ ਤਾਰਨ, ਡਾ.ਸਰਬਜੀਤ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫ਼ਸਰ, ਡਾ. ਰੂਪਮ ਚੌਧਰੀ ਵੱਲੋਂ ਸ਼ਮੂਲੀਅਤ ਕੀਤੀ ਗਈ। ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਦੇ ਸੰਬੰਧ ਵਿੱਚ ਜਾਗਰੂਕਤਾ ਭਰਪੂਰ ਨਾਟਕ ਵੀ ਖੇਡਿਆ ਗਿਆ, ਜਿਸ ਰਾਹੀਂ ਨਾਗਰਿਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ।

        ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਉਣ ਦਾ ਮੁੱਖ ਮੰਤਵ ਆਮ ਨਾਗਰਿਕਾਂ ਦੇ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਫੈਲਾਉਣਾ ਹੈ ਅਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਦੁਨੀਆਂ ਦੇ ਵਿੱਚ ਨਸ਼ਾ ਵਿਰੋਧੀ ਦਿਵਸ 26 ਜੂਨ ਨੂੰ ਮਨਾਇਆ ਜਾਂਦਾ ਹੈ।  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਈ ਜਾਂਦੀ ਹੈ, ਤਾਂ ਜੋ ਕੀਮਤੀ ਜਾਨਾਂ ਨੂੰ ਸਮਾਂ ਰਹਿੰਦਿਆਂ ਬਚਾਇਆ ਜਾ  ਸਕੇ।

ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਨਸ਼ਾ ਵਿਅਕਤੀ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਨਾਂ ਰਾਹੀਂ ਨਸ਼ੇ ਤੋਂ ਪੀੜਤ ਵਿਅਕਤੀ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਦੇ ਲਈ ਸਮਾਜ ਤੇ ਹਰ ਇੱਕ ਵਰਗ ਅਤੇ ਹਰ ਇੱਕ ਵਿਅਕਤੀ ਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆਂ ਇਸ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ।

ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਾ. ਵਰਿੰਦਰ ਪਾਲ ਕੌਰ  ਨੇ ਕਿਹਾ ਕਿ ਨੌਜਵਾਨ ਵਰਗ ਮੁਲਕ ਦਾ ਸਰਮਾਇਆ ਹੁੰਦੇ ਹਨ ਅਤੇ ਹਰ ਇੱਕ ਦੇਸ਼ ਦਾ ਭਵਿੱਖ ਉਹਨਾਂ ਦੇ ਨੌਜਵਾਨਾਂ ਤੇ ਬਹੁਤ ਨਿਰਭਰ ਕਰਦਾ ਹੈ। ਡਾ. ਵਰਿੰਦਰ ਪਾਲ ਕੌਰ  ਨੇ ਆਰ.ਬੀ.ਐਸ.ਕੇ ਦੇ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਉਹਨਾਂ ਵੱਲੋਂ ਸਕੂਲਾਂ ਵਿਖੇ ਸਿਹਤ ਜਾਂਚ ਕੈਂਪ ਲਗਾਉਣ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਨਸ਼ਿਆਂ ਵਿਰੁੱਧ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ।

ਐਸ ਐਮ ਓ, ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਆਪਣੀ ਸ਼ਕਤੀ ਸਿੱਖਿਆ, ਖੇਡਾਂ ਅਤੇ ਹੋਰ ਅਗਾਂਹ ਵਧੂ ਕਾਰਜਾਂ ਦੇ ਵਿੱਚ ਲਗਾਉਣ ਅਤੇ ਨਸ਼ਿਆਂ ਵਰਗੀ ਅਲਾਮਤ ਤੋਂ ਹਮੇਸ਼ਾ ਦੂਰ ਰੱਖਣ। ਨੋਡਲ ਅਫ਼ਸਰ, ਰੂਪਮ ਚੌਧਰੀ  ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਓਟ ਕੇਂਦਰਾਂ, ਨਸ਼ਾ ਛੁਡਾਓ ਕੇਂਦਰਾਂ ਰਾਹੀਂ ਨਸ਼ੇ ਤੋਂ ਪੀੜਿਤ ਵਿਅਕਤੀਆਂ ਦਾ ਜਿੱਥੇ ਇਲਾਜ ਕੀਤਾ ਜਾਂਦਾ ਹੈ, ਉੱਥੇ ਨਾਲ ਹੀ ਉਹਨਾਂ ਦੀ ਕੌਂਸਲਿੰਗ ਕਰਕੇ ਨਸ਼ਿਆਂ ਵਿਰੁੱਧ ਪ੍ਰੇਰਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਨਸ਼ੇ ਤੋਂ ਪੀੜਿਤ ਵਿਅਕਤੀ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਂਦਾ ਹੈ ਅਤੇ ਮਨੋਰੋਗ ਮਾਹਿਰਾਂ ਵਲੋਂ ਨਿਰੰਤਰ ਪੀੜਿਤ ਵਿਅਕਤੀ ਦੀ ਕੋਂਸਲਿੰਗ ਅਤੇ ਇਲਾਜ ਵਧੀਆ ਢੰਗ ਨਾਲ ਯਕੀਨੀ ਬਣਾਇਆ ਜਾਂ ਰਿਹਾ ਹੈ। ਇਸ ਮੌਕੇ ਮਨੋਰੋਗ ਮਾਹਿਰ ਡਾ. ਵਿਨੋਦ ਕਪੂਰ,ਪ੍ਰੋਗਰਾਮ ਅਫਸਰ ਡਾ ਅਵਲੀਨ ਕੌਰ, ਜਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਰਹੇ।

——–

Leave a Reply

Your email address will not be published. Required fields are marked *