ਰੋਲ ਅਬਜ਼ਰਵਰ  ਡੀ.ਐਸ. ਮਾਂਗਟ ਨੇ ਐਸ.ਆਈ.ਆਰ. ਪ੍ਰਕਿਰਿਆ ਦੀ ਕੀਤੀ ਸਮੀਖਿਆ

ਹੁਸ਼ਿਆਰਪੁਰ, 8 ਸਤੰਬਰ: ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਪ੍ਰਕਿਰਿਆ ਦੀ ਜ਼ਿਲ੍ਹੇ ਵਿਚ ਸਮੀਖਿਆ ਲਈ ਰਾਜ ਦੇ ਮੁੱਖ ਚੋਣ ਅਧਿਕਾਰੀ ਵਲੋਂ ਨਿਯੁਕਤ ਕੀਤੇ ਰੋਲ ਅਬਜ਼ਰਵਰ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ ਸਕੱਤਰ ਲੋਕਪਾਲ ਡੀ.ਐਸ.ਮਾਂਗਟ ਨੇ ਅੱਜ ਇਥੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਦੀ ਮੌਜੂਦਗੀ ਵਿਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਐਸ.ਆਈ.ਆਰ. ਲਈ ਤਾਇਨਾਤ ਅਮਲੇ ਨਾਲ ਗੱਲਬਾਤ ਕਰਕੇ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲਿਆ।

           ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਲ ਅਬਜ਼ਰਵਰ ਡੀ.ਐਸ.ਮਾਂਗਟ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ, ਵਧੀਕ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ, ਐਸ.ਡੀ.ਐਮਜ਼-ਕਮ-ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਅਤੇ ਸੈਕਟਰ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਤਾਕੀਦ ਕੀਤੀ ਕਿ ਕਿਸੇ ਵੀ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿਚ ਦਰਜ ਹੋਣ ਤੋਂ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਡਰਾਫਟ ਵੋਟਰ ਸੂਚੀ ਵਿਚ ਜੇਕਰ ਕਿਸੇ ਯੋਗ ਵੋਟਰ ਦਾ ਨਾਮ ਕਿਸੇ ਕਾਰਨ ਨਹੀਂ ਆਇਆ ਤਾਂ ਉਹ ਸਬੰਧਤ ਅਧਿਕਾਰੀਆਂ ਕੋਲ 12 ਸਤੰਬਰ ਤੱਕ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਯਕੀਨੀ ਬਣਾ ਸਕਦੇ ਹਨ ਕਿਉਂਕਿ ਚੋਣ ਕਮਿਸ਼ਨ ਵਲੋਂ ਡਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾਂ ਉਪਰੰਤ ਦਾਅਵੇ ਅਤੇ ਇਤਰਾਜ ਲਈ 12 ਸਤੰਬਰ ਤੱਕ ਦਾ ਸਮਾਂ ਮੁਕੱਰਰ ਕੀਤਾ ਗਿਆ ਹੈ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਗਏ ਬੂਥ ਲੈਵਲ ਏਜੰਟਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਪੁੱਜਦੇ ਕਰਨ ਨੂੰ ਤਰਜ਼ੀਹ ਦੇਣ ਤਾਂ ਜੋ ਕਿਸੇ ਵੀ ਯੋਗ ਵਿਅਕਤੀ ਦੀ ਕਿਸੇ ਵੀ ਕਾਰਨ ਕਰਕੇ ਵੋਟ ਨਾ ਕੱਟੀ ਜਾਵੇ। ਉਨ੍ਹਾਂ ਨੇ ਕਿਹਾ ਕਿ ਐਸ.ਆਈ.ਆਰ. ਪ੍ਰਕਿਰਿਆ ਲਈ ਤਾਇਨਾਤ ਸਮੁੱਚੇ ਅਮਲੇ ਖਾਸ ਕਰ ਬੀ.ਐਲ.ਓਜ਼ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਉਹ ਸੁਚੱਜੇ ਢੰਗ ਨਾਲ ਸਮੁੱਚੀ ਪ੍ਰਕਿਰਿਆ ਨੂੰ ਤੈਅ ਸਮੇਂ ਅੰਦਰ ਨੇਪਰੇ ਚਾੜ੍ਹ ਸਕੇ। ਉਨ੍ਹਾਂ ਕਿਹਾ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਣਾ ਹੈ ਜਿਸ ਉਪਰੰਤ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ।

           ਰੋਲ ਅਬਜ਼ਰਵਰ ਡੀ.ਐਸ. ਮਾਂਗਟ ਨੇ ਦੱਸਿਆ ਕਿ ਵੋਟਰ ਲੋੜੀਂਦੇ ਫਾਰਮ ਭਾਰਤ ਚੋਣ ਕਮਿਸ਼ਨ ਦੇ ਵੋਟਰ ਸੇਵਾਵਾਂ ਪੋਰਟਲ voters.eci.gov.in ਰਾਹੀਂ ਜਾਂ ਚੋਣ ਕਮਿਸ਼ਨ ਦੀ ਮੋਬਾਇਲ  ਐਪ ECINET ਰਾਹੀਂ ਜਮ੍ਹਾਂ ਕਰਵਾ ਸਕਦੇ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬੀ.ਐਲ.ਓਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਐਸ.ਆਈ.ਆਰ. ਦੀ ਸਮੁੱਚੀ ਪ੍ਰਕਿਰਿਆ ਬੇਹੱਦ ਵਧੀਆ ਢੰਗ ਨਾਲ ਚੱਲ ਰਹੀ ਹੈ ਅਤੇ ਉਨ੍ਹਾਂ ਵਲੋਂ ਵੀ ਸਬੰਧਤ ਅਮਲੇ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਨੇ ਨੁਮਾਇੰਦਿਆਂ ਵਲੋਂ ਕੀਤੇ ਗਏ ਸਵਾਲਾਂ ਦਾ ਜਵਾਬ ਰੋਲ ਅਬਜ਼ਰਵਰ ਡੀ.ਐਸ.ਮਾਂਗਟ ਨੇ ਵਿਸਥਾਰ ਵਿਚ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਐਸ.ਆਈ.ਆਰ ਜਾਂ ਵੋਟ ਸਬੰਧੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਚੋਣ ਦਫ਼ਤਰ ਨਾਲ ਤੁਰੰਤ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਕਿਸੇ ਦਸਤਾਵੇਜ਼ ਦੀ ਘਾਟ ਕਾਰਨ ਨੋਟਿਸ ਪ੍ਰਾਪਤ ਹੋਇਆ ਹੈ ਤਾਂ ਉਹ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਮੰਗੇ ਗਏ ਦਸਤਾਵੇਜ਼ ਜਮ੍ਹਾਂ ਕਰਵਾਉਣ ਨੂੰ ਤਰਜ਼ੀਹ ਦੇਣ।  

           ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜੇਕਰ ਕੋਈ ਵੋਟਰ ਖੁਦ ਸੁਣਵਾਈ ਲਈ ਹਾਜ਼ਰ ਹੋਣ ਦੇ ਸਮਰੱਥ ਨਹੀਂ ਹੈ ਤਾਂ ਉਹ ਅਧਿਕਾਰਤ ਪੱਤਰ ਰਾਹੀਂ ਆਪਣੇ ਪ੍ਰਤੀਨਿਧੀ ਨੂੰ ਨਿਯੁਕਤ ਕਰ ਸਕਦਾ ਹੈ। ਅਧਿਕਾਰਤ ਵਿਅਕਤੀ ਨੋਟਿਸ ਵਿੱਚ ਦਰਜ ਸਮੇਂ ਅਤੇ ਸਥਾਨ ’ਤੇ ਵੋਟਰ ਦੀ ਤਰਫੋਂ ਲੋੜੀਂਦੇ ਦਸਤਾਵੇਜ਼ ਪੇਸ਼ ਕਰ ਸਕਦਾ ਹੈ। ਅਧਿਕਾਰਤ ਪੱਤਰ ਸਬੰਧਤ ਬੀ.ਐਲ.ਓ. ਜਾਂ ਚੋਣ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।

           ਰੋਲ ਅਬਜ਼ਰਵਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਜਿਨ੍ਹਾਂ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਭਾਜਪਾ ਤੋਂ ਭੂਸ਼ਨ ਸ਼ਰਮਾ, ਸੀ.ਪੀ.ਆਈ. (ਐਮ) ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਪ੍ਰੇਮ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਡਾ. ਸ਼ਿਵਾਨੀ ਅਰੋੜਾ, ਭਾਜਪਾ ਤੋਂ ਡੀ.ਐਸ. ਬਾਗੀ, ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ ਧਾਮੀ ਅਤੇ ਡਾ. ਪੰਕਜ ਸ਼ਿਵ ਸ਼ਾਮਲ ਸਨ, ਨਾਲ ਜ਼ਿਲ੍ਹੇ ਵਿਚ ਚੱਲ ਰਹੀ ਐਸ.ਆਈ.ਆਰ. ਪ੍ਰਕਿਰਿਆ ਬਾਰੇ  ਵਿਸਥਾਰ ਵਿਚ ਗੱਲਬਾਤ ਕੀਤੀ।

           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮੁਦ ਬੰਬਾਹ, ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ, ਸਮੂਹ ਐਸ.ਡੀ.ਐਮਜ਼਼, ਚੋਣ ਤਹਿਸੀਲਦਾਰ ਰਮਨਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।


Posted

in

,

by

Comments

Leave a Reply

Your email address will not be published. Required fields are marked *