ਫਰੀਦਕੋਟ/ਕੋਟਕਪੂਰਾ 25 ਮਈ ( )
ਹਲਕਾ ਕੋਟਕਪੂਰਾ ਦੇ ਪਿੰਡ ਕੋਠੇ ਚਹਿਲ ਤੋਂ ਅਗਣੀਵੀਰ ਅਕਾਸ਼ਦੀਪ ਸਿੰਘ ਜੋ ਕਿ ਮਹਿਜ 22 ਸਾਲ ਦਾ ਸੀ, ਦੀ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਪਿਛਲੇ ਦਿਨੀਂ ਮੌਤ ਹੋ ਗਈ ਸੀ। ਅੱਜ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਭੋਗ ਦੀ ਅੰਤਿਮ ਅਰਦਾਸ ਵਿਚ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪਰਿਵਾਰ ਤੇ ਪੂਰੇ ਇਲਾਕੇ ਲਈ ਇਹ ਬਹੁਤ ਹੀ ਦੁੱਖ ਦੀ ਘੜੀ ਹੈ। ਅਕਾਸ਼ਦੀਪ ਸਿੰਘ ਦੀ ਅਚਾਨਕ ਮੌਤ ਨਾਲ ਜਿੱਥੇ ਪਰਿਵਾਰ ਨੂੰ ਉਹ ਘਾਟਾ ਪਿਆ ਹੈ, ਜਿਹੜਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਅਗਨੀਵੀਰ ਯੋਧੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸਪੀਕਰ ਸ. ਸੰਧਵਾਂ ਨੇ ਪਰਿਵਾਰ ਦੇ ਦੁੱਖ ਚ ਸ਼ਰੀਕ ਹੁੰਦੇ ਹੋਏ ਗੁਰੂ ਚਰਨਾਂ ਵਿੱਚ ਪੂਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦੀ ਸ਼ਕਤੀ ਬਖਸ਼ਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਖੜ੍ਹੇ ਹਾਂ।
ਅਗਨੀਵੀਰ ਭਰਤੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਜੋ ਅਗਨੀਵੀਰ ਸਕੀਮ ਹੈ, ਉਹ ਦੇਸ਼ ਦੀ ਸੁਰੱਖਿਆ ਅਤੇ ਸਾਡੇ ਦੇਸ਼ ਦੀ ਸੁਰੱਖਿਆ ਨਾਲ ਸਿੱਧਾ ਖਿਲਵਾੜ ਹੈ। ਕੇਂਦਰ ਸਰਕਾਰ ਨੂੰ ਅਗਨੀਵੀਰ ਸਕੀਮ ਬੰਦ ਕਰਕੇ ਫੋਜ ਵਿੱਚ ਜਵਾਨਾਂ ਦੀ ਰੈਗੂਲਰ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਸਰਹੱਦ ਤੇ ਬੈਠੇ ਜਵਾਨਾਂ ਨੂੰ, ਉਨ੍ਹਾਂ ਦਾ ਬਣਦਾ ਦਰਜਾ ਮਿਲ ਸਕੇ।
ਸ. ਕੁਲਤਾਰ ਸਿੰਘ ਸੰਧਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅਕਾਸ਼ਦੀਪ ਕੇਵਲ ਬਲਵਿੰਦਰ ਸਿੰਘ ਦਾ ਪੁੱਤਰ ਨਹੀਂ, ਇਹ ਸਮੁੱਚੇ ਦੇਸ਼ ਦਾ ਬੇਟਾ ਬਣ ਚੁੱਕਿਆ ਹੈ, ਅਕਾਸ਼ਦੀਪ ਸਿੰਘ ਨੂੰ ਬਣਦਾ ਮਾਣ ਸਤਿਕਾਰ ਅਤੇ ਰੁਤਬਾ ਦਿਵਾਉਣ ਲਈ ਪਹਿਲੇ ਦਿਨ ਤੋਂ ਹੀ ਸਥਾਨਿਕ ਪ੍ਰਸਾਸ਼ਨ ਅਤੇ ਚੀਫ਼ ਸੈਕਟਰੀ ਪੰਜਾਬ ਜ਼ਰੀਏ ਫੌਜ ਦੇ ਅਧਿਕਾਰੀਆਂ ਨਾਲ ਤਾਲਮੇਲ ਜਾਰੀ ਹੈ, ਜਿਸਦੇ ਬਹੁਤ ਜਲਦ ਉਸਾਰੂ ਹੱਲ ਦੀ ਸੰਭਾਵਨਾ ਹੈ।