ਅਮਰਗੜ੍ਹ /ਮਾਲੇਰਕੋਟਲਾ, 12 ਸਤੰਬਰ :
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਮੇਂ ਸਿਰ ਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਦੇ ਯਤਨਾਂ ਅਧੀਨ ਅੱਜ ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ ਨੇ ਸੇਵਾ ਕੇਂਦਰ ਭੁਰਥਲਾ ਮੰਡੇਰ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਸੁਪਰਡੈਂਟ ਧਰਮ ਸਿੰਘ ਵੀ ਨਾਲ ਮੌਜੂਦ ਸਨ । ਚੈਕਿੰਗ ਦੌਰਾਨ ਸੇਵਾ ਕੇਂਦਰ ਵਿੱਚ ਚੱਲ ਰਹੀਆਂ ਗਤੀਵਿਧੀਆਂ, ਰਿਕਾਰਡ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ।
ਐਸ.ਡੀ.ਐਮ. ਨੇ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਹਰ ਵਿਅਕਤੀ ਨਾਲ ਹਲੀਮੀ ਨਾਲ ਪੇਸ਼ ਆਇਆ ਜਾਵੇ ਅਤੇ ਉਨ੍ਹਾਂ ਦੇ ਕੰਮ ਨੂੰ ਤਰਜੀਹ ਦੇ ਕੇ ਸਮੇਂ ਸਿਰ ਨਿਪਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਲੋਕਾਂ ਅਤੇ ਪ੍ਰਸ਼ਾਸਨ ਦੇ ਵਿਚਕਾਰ ਸਿੱਧਾ ਪੁਲ ਹਨ, ਇਸ ਲਈ ਇੱਥੇ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਅਰਜ਼ੀਦਾਰ ਬਿਨਾਂ ਕੰਮ ਕਰਵਾਏ ਵਾਪਸ ਨਾ ਜਾਵੇ।
ਐਸ.ਡੀ.ਐਮ. ਨੇ ਇਹ ਵੀ ਹਦਾਇਤ ਕੀਤੀ ਕਿ ਸਾਰੇ ਰਿਕਾਰਡ ਅਪਡੇਟ ਤੇ ਸਹੀ ਰੱਖੇ ਜਾਣ ਅਤੇ ਸੇਵਾ ਕੇਂਦਰ ਦੀ ਸਫਾਈ, ਬਿਜਲੀ ਤੇ ਪਾਣੀ ਆਦਿ ਸੁਵਿਧਾਵਾਂ ਹਰ ਸਮੇਂ ਸੁਚਾਰੂ ਰਹਿਣ। ਉਨ੍ਹਾਂ ਕਿਹਾ ਕਿ ਆਮ ਲੋਕ ਸੇਵਾ ਕੇਂਦਰਾਂ ’ਤੇ ਆਪਣੇ ਅਹਿਮ ਦਸਤਾਵੇਜ਼, ਸਰਕਾਰੀ ਸਕੀਮਾਂ ਨਾਲ ਜੁੜੀਆਂ ਅਰਜ਼ੀਆਂ ਅਤੇ ਹੋਰ ਸੇਵਾਵਾਂ ਲਈ ਆਉਂਦੇ ਹਨ। ਜੇਕਰ ਉਨ੍ਹਾਂ ਨੂੰ ਸਮੇਂ ਸਿਰ ਸੁਵਿਧਾਵਾਂ ਨਾ ਮਿਲਣ ਤਾਂ ਇਸ ਨਾਲ ਪ੍ਰਸ਼ਾਸਨ ਦੀ ਛਵੀ ਪ੍ਰਭਾਵਿਤ ਹੁੰਦੀ ਹੈ।
ਚੈਕਿੰਗ ਦੌਰਾਨ ਕੁਝ ਛੋਟੀਆਂ ਕਮੀਆਂ ਨੂੰ ਦਰਸਾਉਂਦਿਆਂ ਐਸ.ਡੀ.ਐਮ. ਨੇ ਸਟਾਫ ਨੂੰ ਤੁਰੰਤ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਪੱਸ਼ਟ ਕੀਤਾ ਕਿ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਅਤੇ ਇਮਾਨਦਾਰ ਪ੍ਰਣਾਲੀ ਰਾਹੀਂ ਹੀ ਲੋਕਾਂ ਦਾ ਭਰੋਸਾ ਮਜ਼ਬੂਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ-ਕੇਂਦਰਤ ਸੇਵਾਵਾਂ ਦੀ ਗੁਣਵੱਤਾ ਉੱਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਮੇਂ-ਸਮੇਂ ’ਤੇ ਸਾਰੇ ਸੇਵਾ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਰਹੇਗੀ।
