ਫਰੀਦਕੋਟ, 27 ਫਰਵਰੀ () ਜ਼ਿਲ੍ਹਾ ਫਰੀਦਕੋਟ ਦੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅਹੁਦੇ ਦੀ ਸਹੁੰ ਚੁਕਾਈ ਗਈ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਰਾਜਨੀਤੀ ਸਭ ਤੋਂ ਵੱਡੀ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਲੋਕਤੰਤਰ ਦੀ ਨੀਂਹ ਹਨ ਅਤੇ ਇਨ੍ਹਾਂ ਰਾਹੀਂ ਪਿੰਡਾਂ ਦੇ ਸਮੁੱਚੇ ਵਿਕਾਸ ਨੂੰ ਨਵੀਂ ਦਿਸ਼ਾ ਮਿਲਦੀ ਹੈ। ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਘਰ-ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਮੈਂਬਰ ਨੂੰ ਲੋਕ ਭਲਾਈ ਦੇ ਕੰਮ ਲਈ ਉਨ੍ਹਾਂ ਦੀ ਜਰੂਰਤ ਹੋਵੇਗੀ ਤਾਂ ਉਹ ਬਿਨਾਂ ਝਿਜਕ ਉਨ੍ਹਾਂ ਨੂੰ ਮਿਲਣ ਉਹ ਲੋਕਾਂ ਦੀ ਸੇਵਾ ਵੇਲੇ ਦਿਨ ਰਾਤ ਹਾਜ਼ਰ ਹਨ।
ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਨਵ-ਚੁਣੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕ ਸੇਵਾ ਨੂੰ ਮੁੱਖ ਰੱਖ ਕੇ ਆਪਣਾ ਕੰਮ ਕਰਨ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਦੇ ਸਾਰੇ ਮੈਂਬਰ ਇਮਾਨਦਾਰੀ, ਪਾਰਦਰਸ਼ਤਾ ਅਤੇ ਲਗਨ ਨਾਲ ਕੰਮ ਕਰਦੇ ਹੋਏ ਆਪਣੇ-ਆਪਣੇ ਖੇਤਰਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਤਰਜੀਹ ਦੇ ਆਧਾਰ ’ਤੇ ਹੱਲ ਕਰਨ। ਉਨ੍ਹਾਂ ਹੁਣ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕੀਤੇ ਆਸਾਮੀਆਂ ਦੀ ਭਰਤੀ, ਨਵੀਆਂ ਮਸ਼ੀਨਾਂ, ਸੁਵਿਧਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਵਿਧਾਇਕ ਜੈਤੋ ਸ. ਅਮੋਲਕ ਸਿੰਘ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਚੁਣਿਆਂ ਹੋਇਆ ਨੁਮਾਇੰਦਾ ਕਿਸੇ ਪਾਰਟੀ ਦਾ ਨੁੰਮਾਇੰਦਾ ਨਹੀਂ ਰਹਿ ਜਾਂਦਾ ਬਲਕਿ ਉਹ ਲੋਕਾਂ ਦਾ ਨੁੰਮਾਇੰਦਾ ਬਣ ਜਾਂਦਾ ਹੈ। ਉਨ੍ਹਾਂ ਚੁਣੇ ਮੈਂਬਰਾਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਲੋਕਾਂ ਦੇ ਦੁੱਖ ਸੁੱਖ ਸੁਣ ਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਮੈਂਬਰ ਪਿੰਡਾਂ ਦੇ ਸਮੁੱਚੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣਾ ਸਾਰੇ ਲੋਕ-ਪ੍ਰਤੀਨਿਧੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸ. ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ।
ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਗੁਰਤੇਜ ਸਿੰਘ ਖੋਸਾ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸ. ਗਗਨਦੀਪ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਮਲਹੋਤਰਾ, ਐਸ.ਡੀ.ਐਮ ਫਰੀਦਕੋਟ ਸ੍ਰੀ ਅਮਨਦੀਪ, ਐਸ.ਡੀ. ਐਮ ਕੋਟਕਪੂਰਾ ਸ. ਸੁਖਰਾਜ ਸਿੰਘ ਢਿੱਲੋਂ ਅਤੇ ਐਸ.ਡੀ. ਐਮ ਜੈਤੋ ਸ੍ਰੀ ਵਿਕਰਮਜੀਤ, ਚੇਅਰਮੈਨ ਮਾਰਕਿਟ ਕਮੇਟੀ ਜੈਤੋ ਸ. ਲਛਮਣ ਸਿੰਘ ਭਗਤੂਆਣਾ, ਬੀ.ਡੀ.ਪੀ.ਓ ਫਰੀਦਕੋਟ ਸ. ਨੱਥਾ ਸਿੰਘ ਭੁੱਲਰ, ਬੀ.ਡੀ.ਪੀ.ਓ ਕੋਟਕਪੂਰਾ ਸ੍ਰੀ ਵਿਕਾਸ ਸ਼ਰਮਾ, ਬੀ.ਡੀ.ਪੀ.ਓ ਸ. ਇਕਬਾਲ ਸਿੰਘ, ਸੁਪਰਡੈਂਟ ਸ. ਪ੍ਰਭਚਰਨ ਸਿੰਘ, ਸੁਪਰਡੈਂਟ. ਮਨਪ੍ਰੀਤ ਸਿੰਘ, ਡੀ.ਸੀ.ਈ.ਓ ਸ. ਯੁੱਧਵੀਰ ਸਿੰਘ, ਪਰਮਜੀਤ ਸਿੰਘ ਰਾਮੇਆਣਾ ਮੀਤ ਪ੍ਰਧਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਪ੍ਰੋ. ਗੁਰਸੇਵਕ ਸਿੰਘ ਜਿਲ੍ਹਾ ਵਾਈਸ ਕੁਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਫਰੀਦਕੋਟ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ, ਸਮੂਹ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮੰਤੀ ਦੇ ਮੈਂਬਰ ਹਾਜ਼ਰ ਸਨ।
