ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹਾ ਚੋਣਕਾਰ ਅਫ਼ਸਰ

ਬਰਨਾਲਾ, 18 ਮਈ-     ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ) ਸਬੰਧੀ ਨੋਟਿਫਿਕੇਸ਼ਨ ਜਾਰੀ ਕੀਤਾ ਜਾ ਚੁੱਕਿਆ ਹੈ ਅਤੇ ਇਸ ਸਮੁੱਚੀ ਪ੍ਰਕਿਰਿਆ ਨੂੰ ਪੂਰੀ ਪਾਰਦਾਰਸ਼ਤਾ ਅਤੇ ਨਿਰਪੱਖਤਾ ਨਾਲ ਨੇਪਰੇ ਚਾੜਿਆ ਜਾਵੇਗਾ।

   ਓਹਨਾਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਦਫ਼ਤਰ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਉਹ ਆਪਣੇ ਬੂਥ ਲੈਵਲ ਏਜੰਟ (BLA) ਨਿਯੁਕਤ ਕਰਨ ਤਾਂ ਜੋ ਇਹ ਪ੍ਰਕਿਰਿਆ ਨਿਰਵਿਘਨ ਢੰਗ ਨਾਲ ਮੁਕੰਮਲ ਹੋ ਸਕੇ।      

  ਇਸ ਮਗਰੋਂ ਓਹਨਾਂ ਮੀਟਿੰਗ ਹਾਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰੋ-ਘਰੀ ਜਾ ਕੇ ਵੋਟਰਾਂ ਦੇ ਫਾਰਮ ਭਰਵਾਉਣਗੇ। ਇਸ ਕਾਰਜ ਲਈ ਜ਼ਿਲ੍ਹੇ ਵਿੱਚ 558 ਬੀ.ਐਲ.ਓਜ਼ ਅਤੇ 58 ਸੁਪਰਵਾਈਜ਼ਰ, 3 ਈ.ਆਰ.ਓਜ਼ ਅਤੇ 03 ਏ.ਈ.ਆਰ.ਓਜ਼ ਸਮੇਤ ਹੋਰ ਸਹਾਇਕ ਚੋਣ ਅਮਲਾ ਲਗਾਇਆ ਗਿਆ ਹੈ। ਹਰੇਕ ਬੀ.ਐਲ.ਓ ਨੂੰ ਕਰੀਬ 300 ਘਰ ਅਤੇ ਕਰੀਬ 1200 ਵੋਟਰ ਹੀ ਐਸ.ਆਈ.ਆਰ ਲਈ ਦਿੱਤੇ ਗਏ ਹਨ। ਇਨ੍ਹਾਂ ਨੂੰ ਐਸ.ਆਈ.ਆਰ ਲਈ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਰਿਵੀਜ਼ਨ ਦਾ ਕੰਮ ਸੁਚਾਰੂ ਢੰਗ ਨਾਲ ਮੁਕੰਮਲ ਹੋ ਸਕੇ। ਉਨ੍ਹਾਂ ਹੋਰ ਦੱਸਿਆ ਕਿ 24 ਜੁਲਾਈ 2026 ਤੱਕ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇਗੀ।

     ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਹਰ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਅਤੇ ਅਯੋਗ ਵਿਅਕਤੀਆਂ ਦੇ ਨਾਮ ਸੂਚੀ ਵਿੱਚੋਂ ਬਾਹਰ ਕਰਨਾ ਹੈ। ਓਹਨਾਂ ਕਿਹਾ ਕਿ ਦੋਹਰੀ ਵੋਟ ਰੱਖਣਾ ਭਾਰਤ ਕਾਨੂੰਨ ਅਨੁਸਾਰ ਸਜ਼ਾਯੋਗ ਅਪਰਾਧ ਹੈ। 

ਉਨ੍ਹਾਂ ਮੀਡੀਆ ਰਾਹੀਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੌਰਾਨ ਲੋੜੀਂਦੀ ਜਾਣਕਾਰੀ ਸਮੇਂ ਸਿਰ ਉਪਲਬਧ ਕਰਵਾਉਣ।

  ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ ਅਧੀਨ ਫਾਰਮ ਭਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਬੀ.ਐਲ.ਓਜ਼ ਵੱਲੋਂ ਘਰਾਂ ਵਿੱਚ ਤਿੰਨ ਵਾਰ ਸੰਪਰਕ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹਿ ਜਾਵੇ। ਉਨਾਂ ਕਿਹਾ ਕਿ ਆਧਾਰ ਕਾਰਡ ਨੂੰ ਸਿਰਫ ਪਹਿਚਾਣ ਦੇ ਸਰੋਤ ਵਜੋਂ ਮੰਨਿਆ ਜਾਵੇਗਾ, ਨਾ ਕਿ ਸਿਟੀਜਨਸ਼ਿਪ ਅਤੇ ਰਿਹਾਇਸ ਦੇ ਸਬੂਤ ਵਜੋਂ।

  ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ. ਅਧੀਨ ਫਾਰਮ ਭਰਨਾ ਪਵੇਗਾ। ਪ੍ਰੀ ਐਸ.ਆਈ.ਆਰ. ਮੈਪਿੰਗ ਤਹਿਤ ਬਰਨਾਲਾ ਜ਼ਿਲ੍ਹੇ ਦੇ ਕੁੱਲ 485687 ਵੋਟਰ ਹਨ, ਜਿਨ੍ਹਾਂ ਵਿੱਚ 443321 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਵੋਟਰਾਂ ਦਾ 91.28 ਫ਼ੀਸਦੀ ਬਣਦੀ ਹੈ। ਓਹਨਾਂ ਦੱਸਿਆ ਕਿ ਪ੍ਰੀ ਐਸ.ਆਈ.ਆਰ. ਮੈਪਿੰਗ ਵਿੱਚ ਜ਼ਿਲ੍ਹਾ ਬਰਨਾਲਾ ਸੂਬੇ ਵਿਚੋਂ ਤੀਜੇ ਸਥਾਨ ‘ਤੇ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦਾ ਖਰੜਾ 31 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ, ਜਦਕਿ ਦਾਅਵੇ ਅਤੇ ਇਤਰਾਜ਼ 31 ਜੁਲਾਈ ਤੋਂ 30 ਅਗਸਤ 2026 ਤੱਕ ਪੇਸ਼ ਕੀਤੇ ਜਾ ਸਕਣਗੇ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ।

    ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਪ੍ਰਕਿਰਿਆ ਦੌਰਾਨ ਚੋਣ ਅਮਲੇ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ।


Posted

in

, ,

by

Comments

Leave a Reply

Your email address will not be published. Required fields are marked *