
ਸ੍ਰੀ ਮੁਕਤਸਰ ਸਾਹਿਬ, 02 ਸਤੰਬਰ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ, ਡਾ: ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਰਕੇ ਮਿਤੀ 30 ਅਤੇ 31 ਅਗਸਤ ਨੂੰ ਹੋਈ ਭਾਰੀ ਬਾਰਿਸ਼ ਨਾਲ ਸਾਰੇ ਜ਼ਿਲ੍ਹੇ ਅੰਦਰ ਖਾਸ ਕਰਕੇ ਬਲਾਕ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿੱਚ ਫਸਲਾਂ ਵਿੱਚ ਤਕਰੀਬਨ 16000 ਏਕੜ ਰਕਬੇ ਵਿੱਚ ਪਾਣੀ ਖੜ੍ਹ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਅਤੇ ਬਲਾਕ ਖੇਤੀਬਾੜੀ ਮਾਹਿਰਾਂ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਰ ਫੀਲਡ ਵਿੱਚ ਨਿਰੀਖਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਭਾਵਿਤ ਰਕਬੇ ਵਿਚੋਂ ਅੱਜ ਤੱਕ ਤਕਰੀਬਨ 10550 ਏਕੜ ਰਕਬੇ ਵਿੱਚ ਪਾਣੀ ਖੜ੍ਹ ਗਿਆ ਸੀ, ਜਿਸ ਵਿੱਚ ਅੰਦਾਜ਼ਨ 8190 ਏਕੜ ਝੋਨਾ/ਬਾਸਮਤੀ ਅਤੇ 2360 ਏਕੜ ਨਰਮੇ ਦੀ ਫਸਲ ਪ੍ਰਭਾਵਿਤ ਹੋਈ ਹੈ। ਇਸ ਸਬੰਧੀ ਵਿਭਾਗ ਵੱਲੋਂ ਪਾਣੀ ਦੀ ਨਿਕਾਸੀ ਲਈ ਕਿਸਾਨਾਂ ਨਾਲ ਲਗਾਤਾਰ ਸੰਪਰਕ ਰੱਖਿਆ ਹੋਇਆ ਹੈ ਅਤੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ।
ਉਨ੍ਹਾਂ ਫੀਲਡ ਦਾ ਸਰਵੇ ਕਰਦਿਆਂ ਇਹ ਵੀ ਦੱਸਿਆ ਕਿ ਜੇਕਰ ਝੋਨੇ ਅਤੇ ਬਾਸਮਤੀ ਵਿੱਚੋਂ ਪਾਣੀ ਦੀ ਨਿਕਾਸੀ ਜਲਦੀ ਹੋ ਜਾਂਦੀ ਹੈ ਤਾਂ ਉਸ ਦਾ ਝਾੜ ’ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ, ਪ੍ਰੰਤੂ ਜੇਕਰ ਨਰਮੇਂ ਦੀ ਫਸਲ ਵਿੱਚ 1-2 ਦਿਨ ਹੋਰ ਪਾਣੀ ਖੜ੍ਹਾ ਰਹਿ ਜਾਂਦਾ ਹੈ ਤਾਂ ਇਸ ਦਾ ਨਰਮੇਂ ਦੀ ਫਸਲ ’ਤੇ ਬੁਰਾ ਪ੍ਰਭਾਵ ਪਵੇਗਾ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਬਾਰਿਸ਼ ਤੋਂ ਬਾਅਦ ਨਰਮੇਂ ਦੇ ਬੂਟੇ ਮਰਝਾ ਰਹੇ ਹੋਣ ਤਾਂ ਖੇਤੀਬਾੜੀ ਵਿਭਾਗ ਦੇ ਬਲਾਕ/ਸਰਕਲ ਦਫਤਰਾਂ ਪਾਸੋਂ ਕੋਬਾਲਟ ਕਲੋਰਾਈਡ ਦਵਾਈ ਲੈ ਕੇ ਤੁਰੰਤ ਇਸ ਦਾ ਛਿੜਕਾਅ ਕੀਤਾ ਜਾਵੇ।
ਅੰਤ ਵਿੱਚ ਡਾ: ਗਿੱਲ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਅਤੇ ਕਿਸਾਨਾਂ ਵੱਲੋਂ ਆਪਣੇ ਪੱਧਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਲਗਾਤਾਰ ਫਸਲਾਂ ਵਿਚੋਂ ਪਾਣੀ ਡਰੇਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦਾ ਸਰਵੇ ਕਰਕੇ ਖਰਾਬੇ ਸਬੰਧੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਅਤੇ ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਪਾਸ ਵੀ ਇਹ ਰਿਪੋਰਟ ਭੇਜ ਦਿੱਤੀ ਜਾਵੇਗੀ।