
ਫ਼ਿਰੋਜ਼ਪੁਰ, 6 ਅਗਸਤ 2025.
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਪਿੰਡ ਗੁੱਦੜ ਢੰਡੀ ਅਤੇ ਹੈਡਵਰਕ ਸਮੇਤ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦਾ ਦੌਰਾ ਕੀਤਾ ਅਤੇ ਦਰਿਆ ਵਿੱਚ ਪਾਣੀ ਦੇ ਵਹਾ ਸਬੰਧੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀ ਬਸਤੀ ਰਾਮ ਲਾਲ ਤੇਰੀਆਂ ਨੇੜਲੇ ਜਮਸ਼ਾਦਪੁਰ ਪਿੰਡ ਵਿਖੇ ਦਰਿਆ ਦੇ ਬੰਨ੍ਹ ਵਿੱਚ ਪਾੜ ਪੈਣ ਦੀ ਖ਼ਬਰ ਤੇ ਵੀ ਤੁਰੰਤ ਨੋਟਿਸ ਲਿਆ ਗਿਆ ਹੈ। ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਪਾਇਆ ਗਿਆ ਹੈ ਕਿ ਇਸ ਜਗ੍ਹਾ ਤੇ ਕਿਸੇ ਕਿਸਮ ਦਾ ਕੋਈ ਪਾੜ ਨਹੀਂ ਪਿਆ ਸੀ, ਇਹ ਇੱਕ ਰਸਤਾ ਸੀ ਜੋ ਹਰੀਕੇ ਹੈੱਡਵਰਕਸ਼ ਤੋਂ ਕਰੀਬ 20 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਤੇ ਪਾਣੀ ਦੇ ਵਹਾਅ ਕਾਰਨ ਹੋਇਆ ਸੀ ਅਤੇ ਇਸ ਜਗ੍ਹਾ ਤੇ ਬਣੇ ਮੁੱਖ ਬੰਨ੍ਹ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਵੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸਬੰਧਤ ਐਸ.ਡੀ.ਐਮ. ਅਤੇ ਹੋਰ ਅਧਿਕਾਰੀਆਂ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਕਿਸੇ ਕਿਸਮ ਦਾ ਇਸ ਜਗ੍ਹਾ ਤੇ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ 3 ਹਜ਼ਾਰ ਗੱਟਿਆਂ ਦੀ ਸਹਾਇਤਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਰਸਤੇ ਨੂੰ ਵੀ ਵਧੀਆ ਬਣਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਸਮੇਂ ਸਮੇਂ ਤੇ ਸਤਲੁਜ ਦਰਿਆ ਤੇ ਬਣੇ ਬੰਨ੍ਹਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਫਿਲਹਾਲ ਸਾਰੇ ਬੰਨ੍ਹਾਂ ਸੁਰੱਖਿਅਤ ਹਨ। ਜਿੰਨ੍ਹਾਂ ਥਾਵਾਂ ਤੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਸ ਜਗ੍ਹਾ ਤੇ ਮਿੱਟੀ ਦੀਆਂ ਬੋਰੀਆਂ ਅਤੇ ਪੱਥਰਾਂ ਆਦਿ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੰਚਾਈ, ਡਰੇਨਜ਼ ਅਤੇ ਮਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਚੌਕਸ ਹਨ ਅਤੇ ਸਥਿਤੀ ਤੇ 24ਵੀਂ ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਪਾਣੀ ਦੇ ਪੱਧਰ ਵਿੱਚ ਵਾਧੇ ਅਤੇ ਕਿਸੇ ਵੀ ਸੰਕੇਤ ਦੀ ਪਹਿਚਾਣ ਕਰਨ ਅਤੇ ਕਾਰਵਾਈ ਕਰਨ ਲਈ ਵਾਧੂ ਫੀਲਡ ਟੀਮਾਂ ਵੀ ਤੈਨਾਤ ਕੀਤੀਆਂ ਹਨ। ਉਨ੍ਹਾਂ ਦਰਿਆ ਕੰਢੇ ਦੇ ਨੇੜੇ ਰਹਿੰਦੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜੇਕਰ ਦਰਿਆ ਵਿੱਚ ਕਿਸੇ ਤਰ੍ਹਾਂ ਨਾਲ ਕੋਈ ਓਵਰਫਲੋਅ ਹੋਣ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।