
ਹੁਸ਼ਿਆਰਪੁਰ, 3 ਸਤੰਬਰ:
ਮੌਨਸੂਨ ਸੀਜ਼ਨ ਦੇ ਚੱਲਦੇ ਇਸ ਸਾਲ ਭਾਰੀ ਬਾਰਿਸ਼ ਹੋਣ ਕਾਰਨ ਜ਼ਿਲ੍ਹੇ ਵਿਚ ਦਰਿਆਵਾਂ, ਚੋਆਂ ਅਤੇ ਨਹਿਰਾਂ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਅਤੇ ਖ਼ਤਰਨਾਕ ਹੋ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਇਸ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੀਮਾ ਦੇ ਅੰਦਰ ਆਉਣ ਵਾਲੇ ਸਾਰੇ ਦਰਿਆਵਾਂ, ਚੋਆਂ ਤੇ ਨਹਿਰਾਂ ਵਿਚ ਨਹਾਉਣ ਅਤੇ ਉਨ੍ਹਾਂ ਦੇ ਕੰਢਿਆਂ ਅਤੇ ਕਾਜ਼ਵੇਅ ‘ਤੇ ਤੁਰਨ ਉੱਤੇ ਪੂਰਨ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਹੁਕਮ 2 ਨਵੰਬਰ 2025 ਤੱਕ ਲਾਗੂ ਰਹੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਲੋਕ ਪਾਣੀ ਦਾ ਪੱਧਰ ਦੇਖਣ, ਨਹਾਉਣ ਜਾਂ ਕੰਢਿਆਂ ਅਤੇ ਕਾਜ਼ਵੇਅ ‘ਤੇ ਘੁੰਮਣ ਲਈ ਇਨ੍ਹਾਂ ਥਾਵਾਂ ‘ਤੇ ਪਹੁੰਚਦੇ ਹਨ। ਇਸ ਸਮੇਂ ਦੌਰਾਨ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਅਚਾਨਕ ਵੱਧ ਸਕਦਾ ਹੈ ਅਤੇ ਇਨ੍ਹਾਂ ਕੰਢਿਆਂ ਦੀ ਮਿੱਟੀ ਬਹੁਤ ਢਿੱਲੀ ਹੋਣ ਕਾਰਨ ਜਾਨ-ਮਾਲ ਅਤੇ ਪਸ਼ੂਆਂ ਦੇ ਨੁਕਸਾਨ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ। ਨਾਲ ਹੀ ਇਸ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦੀ ਵੀ ਸੰਭਾਵਨਾ ਹੈ।