ਰੂਪਨਗਰ, 28 ਫ਼ਰਵਰੀ: ਜ਼ਿਲ੍ਹਾ ਰੂਪਨਗਰ ਵਿੱਚ ਮਹਿਲਾਵਾਂ ਅਤੇ ਕਿਸ਼ੋਰੀਆਂ ਦੀ ਸਿਹਤ ਸੁਰੱਖਿਆ ਵੱਲ ਇਕ ਅਹਿਮ ਕਦਮ ਚੁੱਕਦੇ ਹੋਏ ਅੱਜ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਹ ਮੁਹਿੰਮ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ ਹੈ, ਜਿਸਦਾ ਮੁੱਖ ਉਦੇਸ਼ ਸਰਵਾਈਕਲ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਕਰਨਾ ਹੈ। ਇਸ ਮੁਹਿੰਮ ਦਾ ਉਦਘਾਟਨ ਜ਼ਿਲ੍ਹਾ ਰੂਪਨਗਰ ਵਿੱਚ ਸਿਵਲ ਸਰਜਨ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ।
ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਚ.ਪੀ.ਵੀ. ਇਕ ਵਾਇਰਸ ਹੈ ਜੋ ਮੁੱਖ ਤੌਰ ‘ਤੇ ਸਰਵਾਈਕਲ ਕੈਂਸਰ ਦਾ ਕਾਰਨ ਬਣਦਾ ਹੈ। ਇਹ ਟੀਕਾ ਲਗਵਾਉਣ ਨਾਲ ਕਿਸ਼ੋਰੀਆਂ ਨੂੰ ਭਵਿੱਖ ਵਿੱਚ ਇਸ ਖਤਰਨਾਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਮਰ ਦੇ 14 ਸਾਲ ਪੂਰੇ ਕਰ ਚੁੱਕੀਆਂ ਅਤੇ 15 ਸਾਲ ਤੋਂ ਘੱਟ ਦੀ ਉਮਰ ਦੀਆਂ ਲੜਕੀਆਂ ਲਈ ਇਹ ਟੀਕਾ ਸਰਕਾਰੀ ਸਿਹਤ ਕੇਂਦਰਾਂ ‘ਤੇ ਮੁਫ਼ਤ ਉਪਲਬਧ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਵਿਸ਼ਵ ਸਿਹਤ ਸੰਸਥਾ ਵੱਲੋਂ ਮਨਜ਼ੂਰਸ਼ੁਦਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਸਕੂਲਾਂ ਵਿੱਚ ਜਾ ਕੇ ਯੋਗ ਲਾਭਪਾਤਰੀਆਂ ਦੀ ਪਛਾਣ ਕਰਕੇ ਟੀਕਾਕਰਨ ਕਰਨਗੀਆਂ।
ਡਾ. ਨਵਰੂਪ ਕੌਰ ਨੇ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਨੂੰ ਉਚਿਤ ਮਾਤਰਾ ਵਿੱਚ ਟੀਕੇ ਅਤੇ ਲੋੜੀਂਦਾ ਸਾਜੋ-ਸਾਮਾਨ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਟੀਕਾਕਰਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਹਰ ਬਲਾਕ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਇਸ ਮੁਹਿੰਮ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਡਾਟਾ ਸੰਭਾਲ ਅਤੇ ਰਿਪੋਰਟਿੰਗ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹਰ ਲਾਭਪਾਤਰੀ ਦਾ ਰਿਕਾਰਡ ਸਹੀ ਢੰਗ ਨਾਲ ਰੱਖਿਆ ਜਾ ਸਕੇ।
ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਕਿਹਾ ਕਿ ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਪਾਇਆ ਜਾਣ ਵਾਲਾ ਇੱਕ ਗੰਭੀਰ ਰੋਗ ਹੈ ਜਿਸਦੀ ਰੋਕਥਾਮ ਟੀਕਾਕਰਨ ਰਾਹੀਂ ਸੰਭਵ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੀਕਾ ਲਗਵਾਉਣ ਨਾਲ ਇਸ ਬਿਮਾਰੀ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਾਡਾ ਲਕਸ਼ ਹੈ ਅਤੇ ਇਸ ਮੁਹਿੰਮ ਦੀ ਕਾਮਯਾਬੀ ਲਈ ਸਾਰੇ ਸਮਾਜ ਦੀ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਜਾਗਰੂਕਤਾ ਅਤੇ ਰੋਕਥਾਮ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਪੂਰਾ ਲਾਭ ਲੈਣ ਅਤੇ ਆਪਣੀਆਂ ਧੀਆਂ ਨੂੰ ਸਮੇਂ ਸਿਰ ਐਚ.ਪੀ.ਵੀ. ਟੀਕਾ ਲਗਵਾਕੇ ਇਕ ਸੁਰੱਖਿਅਤ ਅਤੇ ਸਿਹਤਮੰਦ ਭਵਿੱਖ ਦੀ ਨੀਂਹ ਰੱਖਣ ਵਿੱਚ ਸਹਿਯੋਗ ਦੇਣ।
