ਪੰਜਾਬ ਦੇ ਮਾਡਲ ਟਾਊਨ ਜਲੰਧਰ ‘ਚ ਹਾਰਟ ਅਟੈਕ ਦੇ ਪਰਾਠੇ ਬਣਾਉਣ ਵਾਲੇ ਵੀਰ ਦਵਿੰਦਰ ਸਿੰਘ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰਾਠੇ ਖੁਆਉਣੇ ਮਹਿੰਗੇ ਪੈ ਗਏ। ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਜਲੰਧਰ ਪੁਲਿਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਵੀਰ ਦਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਥਾਣਾ 6 ਦੀ ਪੁਲਸ ਨੇ ਉਸ ਦੀ ਕੁੱਟਮਾਰ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਦਰ-6 ਦੀ ਪੁਲਸ ਨੇ ਵੀਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿੱਚ ਆਈਪੀਸੀ ਦੀ ਧਾਰਾ 188 ਲਗਾਈ ਗਈ ਹੈ। ਕੇਸ ਵਿੱਚ ਕਿਹਾ ਗਿਆ ਹੈ ਕਿ ਵੀਰ ਦਵਿੰਦਰ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਰਾਤ ਨੂੰ ਪਰਾਂਠੇ ਵੇਚ ਕੇ ਆਪਣਾ ਸਟਾਲ ਲਗਾ ਦਿੱਤਾ।
ਸ਼ਨੀਵਾਰ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੀਰ ਦਵਿੰਦਰ ਨੇ ਦੱਸਿਆ ਕਿ ਐੱਸਐੱਚਓ ਅਜਾਇਬ ਸਿੰਘ ਨੇ ਆਪਣੀ ਟੀਮ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬੰਦ ਕਮਰੇ ਵਿੱਚ ਰੱਖ ਕੇ ਉਸ ਨਾਲ ਦੁਰਵਿਵਹਾਰ ਕੀਤਾ। ਵੀਰ ਦਵਿੰਦਰ ਨੇ ਦੱਸਿਆ ਕਿ ਕਪਿਲ ਸ਼ਰਮਾ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ।

ਇਸ ਸਬੰਧੀ ਥਾਣਾ ਸਦਰ-6 ਦੇ ਐਸਐਚਓ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਕਤ ਥਾਂ ’ਤੇ ਰਾਤ ਦੇ 2 ਵਜੇ ਤੱਕ ਪਰਾਂਠੇ ਵੇਚੇ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦਾ ਇਲਾਕਾ ਕਾਫੀ ਗੰਦਾ ਰਹਿੰਦਾ ਹੈ। ਇਸ ਬਾਰੇ ਵੀਰ ਦਵਿੰਦਰ ਨੂੰ ਪਹਿਲਾਂ ਵੀ ਉੱਚ ਅਧਿਕਾਰੀਆਂ ਨੇ ਸਮਝਾਇਆ ਸੀ ਪਰ ਉਹ ਨਹੀਂ ਸਮਝਿਆ। ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ। ਜਿੱਥੋਂ ਤੱਕ ਕੁੱਟਮਾਰ ਦਾ ਸਵਾਲ ਹੈ, ਉਸ ‘ਤੇ ਥਾਣੇ ‘ਚ ਕੋਈ ਹਮਲਾ ਨਹੀਂ ਹੋਇਆ। ਸਾਰੇ ਦੋਸ਼ ਝੂਠੇ ਹਨ।