ਮਾਲੇਰਕੋਟਲਾ 30 ਮਈ:
ਪੰਜਾਬ ਸੂਬੇ ਵਿੱਚ “ਆਪ੍ਰੇਸ਼ਨ ਸ਼ੀਲਡ” ਦੇ ਬੈਨਰ ਹੇਠ ਦੂਜੀ ਸਿਵਲ ਡਿਫੈਂਸ ਮੌਕ ਡਰਿੱਲ 31.05.2025 ਨੂੰ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਭਲਕੇ 31 ਮਈ ਨੂੰ ਦੁਪਹਿਰ 01-00 ਵਜੇ ਮਾਲੇਰਕੋਟਲਾ ਵਿਖੇ ਮੌਕ ਡਰਿੱਲ ਦਾ ਅਭਿਆਸ ਕੀਤਾ ਜਾਵੇਗਾ । ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਰੂਲਜ਼, 1968 ਦੀ ਧਾਰਾ 19 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੂਜਾ ਸਿਵਲ ਡਿਫੈਂਸ ਅਭਿਆਸ “ਆਪ੍ਰੇਸ਼ਨ ਸ਼ੀਲਡ” ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਅਭਿਆਸ (ਮੌਕ ਡਰਿੱਲ) ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਤਹਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਸੰਵੇਦਨਸ਼ੀਲ ਖੇਤਰਾਂ/ਥਾਵਾਂ ਵਿੱਚ ਐਮਰਜੈਂਸੀ/ ਮਹੱਤਵਪੂਰਨ ਸੇਵਾਵਾਂ ਨੂੰ ਛੱਡ ਕੇ ਮੌਕ ਡਰਿੱਲ ਕੀਤੀ ਜਾਵੇਗੀ ਅਤੇ ਹਵਾਈ ਹਮਲੇ ਵਾਲੇ ਸਾਇਰਨ ਵਜਾਏ ਜਾਣਗੇ। ਉਨ੍ਹਾਂ ਨੇ ਸਿਵਲ ਡਿਫੈਂਸ ਅਭਿਆਸ “ਆਪ੍ਰੇਸ਼ਨ ਸ਼ੀਲਡ” ਦੀ ਯੋਜਨਾ ਬਣਾਉਣ ਅਤੇ ਇਸ ਸਬੰਧੀ ਢੁਕਵੇਂ ਕਦਮ ਚੁੱਕਣ ਲਈ ਇਸ ਅਭਿਆਸ ਵਿੱਚ ਸਮੂਹ ਸਥਾਨਕ ਪ੍ਰਸ਼ਾਸਨਾਂ ਅਤੇ ਭਾਈਵਾਲਾਂ ਨੂੰ ਉਚੇਚੇ ਢੰਗ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ । ਉਨ੍ਹਾਂ ਜ਼ਿਲ੍ਹਾਂ ਨਿਵਾਸੀਆਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਘਬਰਾਉਂਣ ਦੀ ਲੋੜ ਲੋੜ ਨਹੀਂ । ਅਪਾਤ ਹਲਾਤਾਂ ਨੂੰ ਧਿਆਨ ਚ ਰੱਖਦੇ ਇਹ ਮੌਕ ਡਰਿਲ ਕਰਵਾਈ ਜਾ ਰਹੀ ਹੈ। ਸਾਇਰਨ ਦਾ ਮਤਲਬ ਅਸਲ ਖਤਰਾ ਹੈ ਜਦੋਂ ਵੀ ਸਾਇਰਨ ਵੱਜੇ, ਉਹ ਖਤਰੇ ਦਾ ਸੰਕੇਤ ਹੋਵੇਗਾ। ਸਾਰੇ ਵਾਸੀਆਂ ਲਈ ਇਹ ਹਦਾਇਤਾਂ ਸਖ਼ਤੀ ਨਾਲ ਮੰਨਣੀਆਂ ਲਾਜ਼ਮੀ ਹੋਣਗੀਆਂ । ਸਾਇਰਨ ਵਜਦੇ ਸਾਰ ਤੁਸੀਂ ਰਸਤੇ ਵਿੱਚ ਹੋ ਤੁਰੰਤ ਸੜਕ ਨੂੰ ਖਾਲੀ ਕਰ ਦਿਓ ਜੇ ਰਾਤ ਹੈ ਤਾਂ ਹੈੱਡਲਾਈਟ ਤੁਰੰਤ ਬੰਦ ਕਰੋ, ਕਾਰ ਨੂੰ ਥਾਂ ਤੇ ਰੋਕੋ, ਅਤੇ ਕੋਈ ਹਿਲਜੁਲ ਨਾ ਕਰੋ।
ਮੌਕ ਡਰਿੱਲ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਫਵਾਹ ਤੋਂ ਬਚਣ, ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਇਸ ਮੌਕੇ ‘ਤੇ ਕੋਈ ਵੀ ਅਸਲ ਹਮਲਾ ਜਾਂ ਆਫਤ ਨਹੀਂ ਹੋਣੀ, ਸਗੋਂ ਇਹ ਸਿਰਫ਼ ਇਕ ਅਭਿਆਸ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਹਾਲਤ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਸਕਣ।
ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ ਇਹ ਡਰਿੱਲ ਨਿਰਧਾਰਿਤ ਸਥਾਨਾਂ ਕਾਲਜ ਰੋਡ ‘ਤੇ ਕੀਤੀ ਜਾਵੇਗੀ, ਜਿਸ ਵਿੱਚ ਐਮਬੂਲੈਂਸ, ਅੱਗ ਬੁਝਾਉਣ ਵਾਲੀਆਂ ਗੱਡੀਆਂ, ਪੁਲਿਸ, ਸਿਵਲ ਡਿਫੈਂਸ ਅਤੇ ਹੋਰ ਸੇਵਾਵਾਂ ਨੂੰ ਐਕਟਿਵ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਾਰੀਆਂ ਏਜੰਸੀਆਂ ਨੂੰ ਸੁਚੱਜੀ ਤਿਆਰੀ ਅਤੇ ਸਹਿਯੋਗ ਨਾਲ ਕੰਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਅਭਿਆਸ ਰਾਹੀਂ ਹੀ ਅਸਲ ਹਾਲਾਤਾਂ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕਦੀ ਹੈ। ਇਹ ਡਰਿੱਲ ਨਾਂ ਸਿਰਫ਼ ਅਮਲੇ ਦੀ ਤਿਆਰੀ ਦੀ ਜਾਂਚ ਹੋਵੇਗੀ, ਸਗੋਂ ਜਨਤਕ ਸਹਿਭਾਗਤਾ ਅਤੇ ਸੂਚਨਾ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਵੀ ਸਮਝੀ ਜਾਵੇਗੀ।