
ਚੰਡੀਗੜ/ਸ੍ਰੀ ਮੁਕਤਸਰ ਸਾਹਿਬ, 2 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫਲਤਾ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨਾਂ ਨੂੰ ਪੰਜ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਬੱਧਨੀ ਕਲਾਂ, ਮੋਗਾ ਅਤੇ ਗੁਰਸੇਵਕ ਸਿੰਘ ਉਰਫ ਮੋਟਾ ਵਾਸੀ ਪਿੰਡ ਮਾਣੂਕੇ ਸੰਧੂ, ਜਗਰਾਉਂ, ਲੁਧਿਆਣਾ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਚਾਰ .32 ਬੋਰ ਦੇਸੀ ਪਿਸਤੌਲ ਅਤੇ .30 ਬੋਰ ਦੇ ਇੱਕ ਦੇਸੀ ਪਿਸਤੌਲ ਸਮੇਤ 10 ਮੈਗਜ਼ੀਨ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀ ਬਿਸ਼ਨੋਈ ਗਿਰੋਹ ਨਾਲ ਜੁੜੇ ਹੋਏ ਹਨ ਅਤੇ ਇਸਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਆਸ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਸੁਪਰਡੈਂਟ (ਐਸਐਸਪੀ) ਡਾ: ਅਖਿਲ ਚੌਧਰੀ ਨੇ ਦੱਸਿਆ ਕਿ ਵਿਸ਼ੇਸ਼ ਖੁਫੀਆ ਇਤਲਾਹ ‘ਤੇ ਕਾਰਵਾਈ ਕਰਦੇ ਹੋਏ, ਸੀ.ਆਈ.ਏ. ਮਲੋਟ ਵੱਲੋਂ ਐਸ.ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਡੀ.ਐਸ.ਪੀ. (ਐਸ.ਡੀ.) ਲੰਬੀ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ।
ਉਨਾਂ ਕਿਹਾ ਕਿ ਚੈਕਿੰਗ ਦੌਰਾਨ, ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ , ਜਿਨਾਂ ਕੋਲ ਨੀਲੇ ਰੰਗ ਦਾ ਕਿੱਟ ਬੈਗ ਸੀ, ਨੂੰ ਤਲਾਸ਼ੀ ਲਈ ਰੋਕਿਆ। ਤਲਾਸ਼ੀ ਲੈਣ ਉਪਰੰਤ ਪੁਲਿਸ ਟੀਮਾਂ ਨੇ ਉਕਤ ਕਿੱਟ ਵਿੱਚੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ।
ਐਸ.ਐਸ.ਪੀ. ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗੁਰਦੀਪ ਸਿੰਘ ਪਿਛਲੇ ਸਮੇਂ ਤੋਂ ਹਰਜੋਤ ਸਿੰਘ ਉਰਫ ਨੀਲਾ ਅਤੇ ਜਗਦੀਪ ਸਿੰਘ ਉਰਫ ਜੱਗਾ, ਜੋ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਸਾਥੀ ਹਨ, ਦੇ ਸੰਪਰਕ ਵਿੱਚ ਸੀਂ ।
ਉਨਾਂ ਦੱਸਿਆ ਕਿ ਨੀਲੇ ਦੇ ਨਿਰਦੇਸ਼ਾਂ ‘ਤੇ, ਗੁਰਸੇਵਕ ਅਤੇ ਗੁਰਦੀਪ ਇੰਦੌਰ ਗਏ, ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਉਨਾਂ ਨੂੰ ਪੰਜ ਪਿਸਤੌਲਾਂ ਦੀ ਖੇਪ ਉਪਲਬਧ ਕਰਵਾਈਆਂ । ਇਨਾਂ ਵਿੱਚੋਂ ਦੋ ਪਿਸਤੌਲ ਮੁਲਜਮਾਂ ਨੇ ਆਪਣੇ ਕੋਲ ਰੱਖਣੇ ਸਨ ਅਤੇ ਬਾਕੀ ਤਿੰਨ ਨੀਲੇ ਨੂੰ ਸਪਲਾਈ ਕੀਤੇ ਜਾਣੇ ਸਨ।
ਜ਼ਿਕਰਯੋਗ ਹੈ ਕਿ ਹਰਜੋਤ ਸਿੰਘ ਉਰਫ ਨੀਲਾ ਅਤੇ ਜਗਦੀਪ ਸਿੰਘ ਉਰਫ ਜੱਗਾ ਲੋੜੀਂਦੇ ਅਪਰਾਧੀ ਹਨ, ਜਿਨਾਂ ਵਿਰੁੱਧ ਵੱਖ-ਵੱਖ ਜ਼ਿਲਿਆਂ ਅਤੇ ਰਾਜਾਂ ਵਿੱਚ ਕ੍ਰਮਵਾਰ 12 ਅਤੇ 10 ਐਫਆਈਆਰਜ਼ ਦਰਜ ਹਨ।
ਇਸ ਸਬੰਧ ਵਿੱਚ, ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕਬਰਵਾਲਾ ਵਿਖੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 88 ਮਿਤੀ 01/09/2025 ਨੂੰ ਕੇਸ ਦਰਜ ਕੀਤਾ ਗਿਆ ਹੈ।