
ਚੰਡੀਗੜ੍ਹ/ਐਸਏਐਸ ਨਗਰ, 2 ਸਤੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਐਸਏਐਸ ਨਗਰ ਪੁਲਿਸ ਨੇ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਸਬੰਧਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਜੰਮੂ-ਕਸ਼ਮੀਰ (ਜੰਮੂ-ਕਸ਼ਮੀਰ) ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਹਿਲ ਬਸ਼ੀਰ (19) ਵਾਸੀ ਹੰਦਵਾੜਾ ਲੰਗੇਟ, ਕੁਪਵਾੜਾ, ਮੁਨੀਸ਼ ਸਿੰਘ ਉਰਫ਼ ਅੰਸ਼ (22) ਵਾਸੀ ਪਿੰਡ ਕੋਟਲੀ, ਡੋਡਾ ਅਤੇ ਐਜਾਜ਼ ਅਹਿਮਦ ਖਾਨ ਉਰਫ਼ ਵਸੀਮ (22) ਵਾਸੀ ਪਿੰਡ ਮੰਜਪੁਰਾ, ਕਲਾਮਾਬਾਦ ਵਜੋਂ ਹੋਈ ਹੈ।
ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਡਿਜ਼ਾਇਰ (ਪੀਬੀ 01-ਡੀ-6299) ਅਤੇ ਵਾਰਦਾਤ ਵਿੱਚ ਵਰਤਿਆ ਗਿਆ .32 ਬੋਰ ਦਾ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ।
ਦੱਸਣਯੋਗ ਹੈ ਕਿ ਅਨਿਲ ਕੁਮਾਰ ਦੀ ਪਤਨੀ ਸੁਧਾ ਦੇਵੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਟੈਕਸੀ ਚਲਾਉਂਦਾ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸਵੇਰੇ ਲਗਭਗ 08:30 ਵਜੇ ਖਰੜ ਤੋਂ ਰੇਲਵੇ ਸਟੇਸ਼ਨ, ਚੰਡੀਗੜ੍ਹ ਜਾਣ ਲਈ ਘਰੋਂ ਨਿਕਲਿਆ। ਬਾਅਦ ਵਿੱਚ, ਉਹ ਲਗਾਤਾਰ ਆਪਣੇ ਪਤੀ ਨੂੰ ਫ਼ੋਨ ਕਰਦੀ ਰਹੀ ਪਰ ਉਸਦੇ ਪਤੀ ਦੇ ਦੋਵੇਂ ਮੋਬਾਈਲ ਫ਼ੋਨ ਬੰਦ ਆ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਵਾਂਗਾਓਂ, ਮੋਹਾਲੀ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਖਰੜ ਤੋਂ ਕੈਬ ਕਿਰਾਏ ‘ਤੇ ਲੈਣ ਵਾਲੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਜ਼ਬਰਦਸਤੀ ਉਸਦੀ ਗੱਡੀ ਖੋਹ ਲਈ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ ਤੁਰੰਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ, ਕਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਤਰੁੰਤ ਕਾਰਵਾਈ ਕਰਦਿਆਂ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਸਾਹਿਲ ਬਸ਼ੀਰ ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਅਸਲਾ ਐਕਟ ਤਹਿਤ ਇਕ ਕੇਸ ਵਿੱਚ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਸਾਜਦ ਅਹਿਮਦ ਸ਼ਾਹ ਨੂੰ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਜੁੜੇ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰ-ਗਰਾਊਂਡ ਵਰਕਰਜ਼ (ਓਜੀਡਬਲਯੂਜ਼) ਵਜੋਂ ਹੋਈ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ ‘ਤੇ ਤਰੁੰਤ ਕਾਰਵਾਈ ਕਰਦਿਆਂ, ਐਸਪੀ ਸਿਟੀ ਸਿਰੀਵੇਨੇਲਾ, ਐਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ, ਡੀਐਸਪੀ ਸਿਟੀ-1 ਪ੍ਰਿਥਵੀ ਸਿੰਘ ਚਾਹਲ ਦੀ ਨਿਗਰਾਨੀ ਹੇਠ ਮੋਹਾਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇੰਚਾਰਜ ਸੀਆਈਏ ਸਟਾਫ ਹਰਮਿੰਦਰ ਸਿੰਘ ਅਤੇ ਐਸਐਚਓ ਪੁਲਿਸ ਸਟੇਸ਼ਨ ਨਵਾਂਗਾਓਂ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਅਤੇ ਤਕਨੀਕੀ ਤੇ ਮਨੁੱਖੀ ਸਰੋਤਾਂ ਦੀ ਵਰਤੋਂ ਕਰਦਿਆਂ, ਦੋਸ਼ੀਆਂ ਨੂੰ ਬੱਸ ਸਟੈਂਡ, ਬਟਾਲਾ ਅਤੇ ਗੁਰਦਾਸਪੁਰ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਡੀਆਈਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਬਾਅਦ ਵਿੱਚ ਲਾਸ਼ ਨੂੰ ਮੋਹਾਲੀ ਖੇਤਰ ਵਿੱਚ ਸੁੱਟ ਦਿੱਤਾ ਸੀ।
ਹੋਰ ਜਾਣਕਾਰੀ ਸਾਂਝੀ ਕਰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਐਸਏਐਸ ਨਗਰ ਹਰਮਨਦੀਪ ਹੰਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਖਰੜ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਦੇ ਬਹਾਨੇ ਕੈਬ ਬੁੱਕ ਕੀਤੀ ਸੀ, ਜਿਸ ਨੇ ਪਹਿਲਾਂ ਟੈਕਸੀ ਡਰਾਈਵਰ ਅਨਿਲ ਕੁਮਾਰ ਨੂੰ ਫੇਜ਼ 3ਬੀ2 ਮੋਹਾਲੀ ਰਾਹੀਂ ਏਅਰਪੋਰਟ ਰੋਡ ਜਾਣ ਲਈ ਕਿਹਾ ਸੀ। ਜਦੋਂ ਅਨਿਲ ਕੁਮਾਰ ਮੁਲਜ਼ਮਾਂ ਨੂੰ ਲੈ ਕੇ ਪਿੰਡ ਕੰਡਾਲਾ ਪਹੁੰਚਿਆਂ ਤਾਂ ਉਨ੍ਹਾਂ ਨੇ ਅਨਿਲ ਕੁਮਾਰ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਅਤੇ ਗੋਲੀ ਮਾਰ ਦਿੱਤੀ ਅਤੇ ਕਾਰ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।
ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ਉਪਰੰਤ ਪੁਲਿਸ ਟੀਮਾਂ ਨੇ ਮ੍ਰਿਤਕ ਅਨਿਲ ਕੁਮਾਰ ਦੀ ਲਾਸ਼ ਬਰਾਮਦ ਕਰ ਲਈ। ਉਨ੍ਹਾਂ ਅੱਗੇ ਦੱਸਿਆ ਕਿ ਲਾਸ਼ ਦੇ ਨੇੜਿਓਂ ਤਿੰਨ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ।
ਇਸ ਸਬੰਧੀ ਪਹਿਲਾਂ, ਐਫਆਈਆਰ ਨੰ. 87 ਮਿਤੀ 31-08-2025 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 127(6) ਤਹਿਤ ਥਾਣਾ ਨਵਾਂਗਾਓਂ ਵਿਖੇ ਦਰਜ ਕੀਤੀ ਗਈ ਸੀ। ਹੁਣ ਇਸ ਕੇਸ ਵਿੱਚ ਬੀਐਨਐਸ ਦੀਆਂ ਧਾਰਾਵਾਂ 140(3), 103 ਅਤੇ 304 ਅਤੇ ਅਸਲਾ ਐਕਟ ਦੀ ਧਾਰਾ 25 ਵੀ ਸ਼ਾਮਲ ਕੀਤੀਆਂ ਗਈਆਂ ਹਨ।