ਚੇਅਰਮੈਨ ਰਮਨ ਬਹਿਲ ਤੇ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਨੇ ਗੁਰਦਾਸਪੁਰ ਸ਼ਹਿਰ ਦੇ ਨਾਲ ਪਿੰਡਾਂ ਦੇ ਵਿਕਾਸ ਲਈ ਵੀ ਆਪਣੇ ਖ਼ਜ਼ਾਨੇ ਦੇ ਮੂੰਹ ਖੋਲ੍ਹੇ

ਗੁਰਦਾਸਪੁਰ, 17 ਅਗਸਤ (             ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਸ਼ਹਿਰ ਵਿਚਲੀਆਂ ਆਪਣੀਆਂ ਕਲੋਨੀਆਂ ਦੇ ਵਿਕਾਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਿਕਾਸ ਲਈ ਵੀ ਆਪਣੇ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ।  ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ‌ਵਿਧਾਨ ਸਭਾ  ਹਲਕਾ ਗੁਰਦਾਸਪੁਰ ਦੇ ਪਿੰਡ ਗੋਹਤ ਪੋਖਰ ਤੇ ਹਯਾਤ ਨਗਰ ਵਿਖੇ 5.42 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ, ਜਦਕਿ ਟਰੱਸਟ ਵੱਲੋਂ 48.74 ਲੱਖ ਰੁਪਏ ਗੀਤਾ ਭਵਨ ਮੰਦਰ ਅਤੇ ਹਿੰਦੂ ਯੁਵਕ ਸਭਾ ਰਾਮ ਲੀਲ੍ਹਾ ਨਾਟਕ ਕਲੱਬ ਦੇ ਵਿਕਾਸ ਉੱਪਰ ਖ਼ਰਚ ਕੀਤੇ ਜਾਣਗੇ।

ਸਥਾਨਿਕ ਪੰਚਾਇਤ ਭਵਨ ਵਿਖੇ ਇਨ੍ਹਾਂ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਵਿਕਾਸ ਕਾਰਜਾਂ ਉੱਪਰ ਕੁੱਲ 5.90 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਦੇ ਟੈਂਡਰ ਲੱਗ ਗਏ ਹਨ ਅਤੇ ਅਗਲੇ ਮਹੀਨੇ ਦੇ ਦੂਸਰੇ ਹਫ਼ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪਿੰਡ ਹਯਾਤ ਨਗਰ ਵਿਖੇ 2.81 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ, ਜਿਨ੍ਹਾਂ ਵਿੱਚ 1.34 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ। 17.03 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਪਾਰਕ ਬਣਾਈ ਜਾਵੇਗੀ। ਪਿੰਡ ਦੇ ਛੱਪੜ ਦੀ ਰੀਟੇਨਿੰਗ ਵਾਲ, ਛੱਪੜ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ ਅਤੇ ਲਾਈਟਾਂ ਲਗਾਉਣ ਉੱਪਰ 50 ਲੱਖ ਰੁਪਏ, ਪਿੰਡ ਦੀ ਡਿਸਪੈਂਸਰੀ ਵਿੱਚ ਇੱਕ ਨਵਾਂ ਕਮਰਾ ਬਣਾਉਣ ਲਈ 5 ਲੱਖ ਰੁਪਏ, ਪਿੰਡ ਦੀ ਫਿਰਨੀ ਬਣਾਉਣ ਉੱਪਰ 20 ਲੱਖ ਰੁਪਏ, ਪਿੰਡ ਦੀ ਗਰਾਊਂਡ ਅਤੇ ਜ਼ਿੰਮ ਉੱਪਰ 50 ਲੱਖ ਰੁਪਏ ਅਤੇ ਪਿੰਡ ਵਿੱਚ ਸੀਂਮਟਿਡ ਬੈਂਚ ਲਗਾਉਣ ਲਈ 5 ਲੱਖ ਰੁਪਏ ਖ਼ਰਚੇ ਜਾਣਗੇ।

ਇਸੇ ਤਰ੍ਹਾਂ ਪਿੰਡ ਗੋਹਤ ਪੋਖਰ ਵਿਖੇ 2.59 ਕਰੋੜ ਰੁਪਏ ਖਰਚੇ ਜਾਣਗੇ। ਪਿੰਡ ਵਿੱਚ ਸ਼ਮਸ਼ਾਨ ਘਾਟ ਦੇ ਨੇੜੇ 26.13 ਲੱਖ ਰੁਪਏ ਦੀ ਲਾਗਤ ਨਾਲ 60 ਐੱਮ.ਐੱਮ. ਦੀ ਇੰਟਰਲਾਕ ਟਾਈਲ, 25.95 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਵਿੱਚ ਜਿੰਮ, 31.42 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਮੁੱਖ ਮਾਰਗ ਉੱਪਰ ਇੰਟਰਲਾਕ ਟਾਈਲਾਂ ਲਗਾਉਣ ਤੋਂ ਇਲਾਵਾ 1.76 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਦੀ ਫਿਰਨੀ ਬਣਾਈ ਜਾਵੇਗੀ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ ਗੀਤਾ ਭਵਨ ਮੰਦਰ ਵਿਖੇ 22.76 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹਿੰਦੂ ਯੁਵਕ ਸਭਾ ਰਾਮ ਲੀਲ੍ਹਾ ਨਾਟਕ ਕਲੱਬ, ਗੀਤਾ ਭਵਨ ਰੋਡ, ਗੁਰਦਾਸਪੁਰ ਵਿਖੇ 25.98 ਲੱਖ ਰੁਪਏ ਦੀ ਲਾਗਤ ਨਾਲ ਰਾਮ ਲੀਲ੍ਹਾ ਸ਼ੈੱਡ ਦੇ ਕਮਰੇ ਦੀ ਰਿਪੇਅਰ ਕੀਤਾ ਜਾਵੇਗਾ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਜਿਹੜੀ ਨਗਰ ਸੁਧਾਰ ਟਰੱਸਟ ਪਿੱਛਲੀਆਂ ਸਰਕਾਰਾਂ ਵੇਲੇ ਕਰਜ਼ੇ ਹੇਠ ਦੱਬੀ ਹੁੰਦੀ ਸੀ ਉਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਜ਼ੇ ਹੋਠੋਂ ਕੱਢ ਕੇ ਮੁਨਾਫੇ ਵਿੱਚ ਲੈ ਆਂਦਾ ਹੈ ਅਤੇ ਅੱਜ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਨਗਰ ਸੁਧਾਰ ਟਰੱਸਟ ਬਟਾਲਾ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਦੇਣ ਤੋਂ ਇਲਾਵਾ ਹੁਣ ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜਾਂ ਉੱਪਰ 5.90 ਕਰੋੜ ਰੁਪਏ ਖਰਚੇ ਜਾ ਰਹੇ ਹਨ।  

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਕਾਂਗਰਸੀ ਆਗੂ ਨਹੀਂ ਚਾਹੁੰਦੇ ਕਿ ਗੁਰਦਾਸਪੁਰ ਸ਼ਹਿਰ ਦਾ ਵਿਕਾਸ ਹੋਵੇ ਇਸ ਲਈ ਉਨ੍ਹਾਂ ਵੱਲੋਂ ਨਗਰ ਸੁਧਾਰ ਟਰੱਸਟ ਨੂੰ ਕੰਮ ਨਹੀਂ ਕਰ ਦਿੱਤਾ ਜਾਂਦਾ ਅਤੇ ਲੋੜੀਂਦੀਆਂ ਐੱਨ.ਓ.ਸੀ. ਜਾਰੀ ਨਹੀਂ ਕੀਤੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਜੋ ਰੋੜੇ ਅਟਕਾਏ ਜਾ ਰਹੇ ਹਨ ਉਸ ਤੋਂ ਸ਼ਹਿਰ ਵਾਸੀ ਭਲੀ-ਭਾਂਤ ਜਾਰੀ ਹਨ। ਸ੍ਰੀ ਬਹਿਲ ਨੇ ਕਿਹਾ ਕਿ ਇਸਦੇ ਬਾਵਜੂਦ ਵੀ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀਂ ਨਾ ਰਹੇ ਇਸ ਲਈ ਉਹ ਲਗਾਤਾਰ ਯਾਤਨ ਕਰ ਰਹੇ ਹਨ।

ਚੇਅਰਮੈਨ ਰਾਜੀਵ ਸ਼ਰਮਾਂ ਨੂੰ ਵਧਾਈ ਦਿੰਦਿਆਂ ਸ੍ਰੀ ਬਹਿਲ ਨੇ ਕਿਹਾ ਕਿ ਜੇਕਰ ਟਰੱਸਟ ਨੂੰ ਇੱਕ ਇਮਾਨਦਾਰ ਚੇਅਰਮੈਨ ਮਿਲ ਜਾਵੇ ਤਾਂ ਘਾਟੇ ਮੁਨਾਫ਼ੇ ਵਿੱਚ ਬਦਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਟਰੱਸਟ ਰਾਹੀਂ ਆਗੂਆਂ ਨੇ ਸਿਰਫ਼ ਆਪਣਾ ਹੀ ਵਿਕਾਸ ਕੀਤਾ ਅਤੇ ਟਰੱਸਟ ਨੂੰ ਘਾਟੇ ਵਿੱਚ ਪਾ ਕੇ ਆਪ ਫਾਇਦਾ ਲੈਂਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਗੁਰਦਾਸਪੁਰ ਟਰੱਸਟ ਮਨਾਫ਼ੇ ਵਾਲੀ ਟਰੱਸਟ ਬਣ ਗਈ ਹੈ।

ਇਸ ਮੌਕੇ ਟਰੱਸਟ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਉਸਨੇ 10 ਅਪ੍ਰੈਲ 2023 ਨੂੰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਵੱਲੋਂ ਟਰੱਸਟ ਰਾਹੀਂ ਜਿੱਥੇ ਸ਼ਹਿਰ ਦਾ ਵਿਕਾਸ ਕੀਤਾ ਜਾ ਰਿਹਾ ਹੈ ਓਥੇ ਟਰੱਸਟ ਨੂੰ ਮੁਨਾਫ਼ੇ ਵਿੱਚ ਵੀ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦੀ ਨਗਰ ਕੌਂਸਲ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਰੋੜੇ ਨਾ ਅਟਕਾਵੇ ਤਾਂ ਨਗਰ ਸੁਧਾਰ ਟਰੱਸਟ ਵੱਲੋਂ 50 ਕਰੋੜ ਰੁਪਏ ਗੁਰਦਾਸਪੁਰ ਸ਼ਹਿਰ ਦੀਆਂ ਉਨ੍ਹਾਂ ਕਲੋਨੀਆਂ ਵਿੱਚ ਵੀ ਖਰਚੇ ਜਾਣ ਜੋ ਨਗਰ ਕੌਂਸਲ ਦੇ ਅਧੀਨ ਹਨ।

ਇਸ ਮੌਕੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਸ. ਰਘੁਬੀਰ ਸਿੰਘ ਖਾਲਸਾ, ਹਿਤੇਸ਼ ਮਹਾਜਨ, ਅਜੇ ਬਹਿਲ, ਅਮਨ ਬਹਿਲ, ਸੁੱਚਾ ਸਿੰਘ ਮੁਲਤਾਨੀ, ਕਬੀਰ ਬਹਿਲ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਤੇ ਮੁਹਤਬਰ ਹਾਜ਼ਰ ਸਨ।


Posted

in

,

by

Tags:

Comments

Leave a Reply

Your email address will not be published. Required fields are marked *