
ਮਾਨਸਾ, 07 ਅਗਸਤ:
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਾਗਰ ਡੈਮ ‘ਤੇ ਪਾਣੀ ਦਾ ਪ੍ਰਵਾਹ 32836 ਤੋਂ ਘਟ ਕੇ 9461 ਕਿਊਸਿਕ ਹੋ ਗਿਆ ਹੈ। ਚੱਕੀ ਕੰਢੇ ‘ਤੇ ਪਾਣੀ ਦਾ ਪ੍ਰਵਾਹ 4057 ਤੋਂ ਘਟ ਕੇ 3246 ਕਿਊਸਿਕ ਜਦਕਿ ਖਨੌਰੀ ਵਿਖੇ ਪਾਣੀ ਦਾ ਪ੍ਰਵਾਹ 5200 ਤੋਂ ਘਟ ਕੇ 738.1 ਕਿਊਸਿਕ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਦੇ ਕੈਚਮੈਂਟ ਏਰੀਆ ਅਤੇ ਸ਼ਿਵਾਲਿਕ ਪਹਾੜੀਆਂ ਵਿੱਚ ਹੋਈ ਬਾਰਿਸ਼ ਕਾਰਨ ਭਾਵੇਂ ਘੱਗਰ ਵਿੱਚ ਪਾਣੀ ਦਾ ਪੱਧਰ ਵਧਿਆ ਹੈ, ਪਰ ਹੁਣ ਸੁਖਨਾ ਝੀਲ ਵਾਲੇ ਪਾਸੇ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪਾਣੀ ਵਿੱਚ ਇਸ ਅਚਾਨਕ ਵਾਧੇ ਦਾ ਪ੍ਰਭਾਵ 12 ਤੋਂ 18 ਘੰਟਿਆਂ ਵਿੱਚ ਖਾਨੌਰੀ ਤੋਂ ਚਾਂਦਪੁਰਾ ਪਹੁੰਚੇਗਾ ਅਤੇ 24 ਤੋਂ 36 ਘੰਟਿਆਂ ਵਿੱਚ ਚਾਂਦਪੁਰਾ ਤੋਂ ਸਰਦੂਲਗੜ੍ਹ ਪੁਲ ਤੱਕ ਪਹੁੰਚ ਕਰੇਗਾ। ਇਸ ਵੇਲੇ ਖਨੌਰੀ ਵਿਖੇ ਪਾਣੀ ਦਾ ਪੱਧਰ 737 ਕਿਊਸਿਕ ਹੈ ਜਿਸ ਵਿੱਚ 5800 ਕਿਊਸ ਡਿਸਚਾਰਜ ਹੈ ਅਤੇ ਚਾਂਦਪੁਰਾ ਵਿਖੇ ਪਾਣੀ ਦੀ ਮਾਤਰਾ ਡਿਸਚਾਰਜ ਦੇ ਨਾਲ 2.8 ਫੁੱਟ ਹੈ।
ਉਨ੍ਹਾਂ ਕਿਹਾ ਕਿ ਜੇਕਰ ਖਨੌਰੀ ਵਿਖੇ 10,000 ਕਿਊਸਿਕ ਪਾਣੀ ਦਾ ਪ੍ਰਵਾਹ ਹੈ ਤਾਂ ਚਾਂਦਪੁਰਾ ਵਿਖੇ ਪਾਣੀ ਦਾ ਪੱਧਰ ਵੱਧ ਤੋਂ ਵੱਧ 5 ਤੋਂ 6 ਫੁੱਟ ਤੱਕ ਪਹੁੰਚਣ ਦੀ ਉਮੀਦ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਹੈ। ਇਸ ਤੋਂ ਇਲਾਵਾ ਚਾਂਦਪੁਰਾ ਸਾਈਫਨ ਤੋਂ ਕੋਲ ਰੰਗੋਈ ਨਾਲਾ ਹੈ ਜੋ ਘੱਗਰ ਤੋਂ ਵਾਧੂ ਪਾਣੀ ਵੀ ਲੈਂਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਸਮਰੱਥਾ ਲਗਭਗ 8000 ਕਿਊਸਿਕ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਥਿਤੀ ਹੜ੍ਹਾਂ ਦੇ ਖ਼ਤਰੇ ਤੋਂ ਬਾਹਰ ਹੈ। ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਹਰ ਤਰ੍ਹਾਂ ਨਾਲ ਸੁਰੱਖਿਆ ਪ੍ਰਬੰਧ ਮੁਕੰਮਲ ਰੱਖੇ ਗਏ ਹਨ।