10 ਸਤੰਬਰ ਤੱਕ 5 ਇੰਚ ਤੱਕ ਘੱਟ ਜਾਵੇਗਾ ਘੱਗਰ ਵਿੱਚ ਪਾਣੀ

ਮਕਰੋੜ ਸਾਹਿਬ/ਮੂਣਕ, 9 ਸਤੰਬਰ (000) – ਕਈ ਦਿਨਾਂ ਤੋਂ ਭਾਰੀ ਮੀਂਹ ਅਤੇ ਘੱਗਰ ਦਰਿਆ ਨਾਲ ਚੱਲ ਰਹੀ ਕਸ਼ਮਕਸ਼ ਦੌਰਾਨ ਚੰਗੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਮਿਤੀ 10 ਸਤੰਬਰ ਤੱਕ ਘੱਗਰ ਦਰਿਆ ਵਿੱਚ 4-5 ਇੰਚ ਪਾਣੀ ਘਟ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਘੱਗਰ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਨ ਦੌਰਾਨ ਦਿੱਤੀ। ਉਹ ਅੱਜ ਪੂਰਾ ਦਿਨ ਰਾਹਤ ਅਤੇ ਬਚਾਅ ਕਾਰਜਾਂ ਦਾ ਨਿਰੀਖਣ ਕਰਨ ਆਏ ਹੋਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਅੱਜ ਮਿਤੀ 9 ਸਤੰਬਰ ਨੂੰ ਘੱਗਰ ਦਰਿਆ ਵਿੱਚ 750.5 ਫੁੱਟ (14425 ਕਿਊਸਿਕ) ਪਾਣੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਲਗਾਏ ਗਏ ਅਨੁਮਾਨ ਅਨੁਸਾਰ ਕੱਲ੍ਹ ਤੱਕ 4-5 ਇੰਚ ਪਾਣੀ ਘਟਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਰਮਾਤਮਾ ਦੀ ਅਪਾਰ ਕਿਰਪਾ ਅਤੇ ਲੋਕਾਂ ਦੀ ਹਿੰਮਤ ਦੇ ਸਦਕਾ ਇਹ ਇਲਾਕਾ ਹੜ੍ਹ ਵਿੱਚ ਡੁੱਬਣ ਤੋਂ ਬਚ ਗਿਆ ਹੈ।

ਉਹਨਾਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਔਖੀ ਅਤੇ ਇਮਤਿਹਾਨ ਦੀ ਘੜੀ ਵਿੱਚ ਉਹਨਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਬਚਾਉਣ ਲਈ ਉਸਾਰੂ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ 20 ਦਿਨਾਂ ਵਿੱਚ 1 ਵਾਰ ਗੇੜਾ ਮਾਰ ਕੇ ਪੀੜਤ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਘਟਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੀ ਹੈ। ਜੇਕਰ ਸੂਬਾ ਸਰਕਾਰ ਨੇ ਆਪਣੀ ਜਿੰਮੇਵਾਰੀ ਬਾਖ਼ੂਬੀ ਨਾ ਨਿਭਾਈ ਹੁੰਦੀ ਤਾਂ ਹਾਲਾਤ 7-8 ਦਿਨ ਪਹਿਲਾਂ ਹੀ ਖ਼ਰਾਬ ਹੋ ਜਾਣੇ ਸਨ। ਪਰ ਪਰਮਾਤਮਾ ਦੀ ਅਪਾਰ ਕਿਰਪਾ ਅਤੇ ਲੋਕਾਂ ਦੀ ਹਿੰਮਤ ਦੇ ਸਦਕਾ ਇਹ ਇਲਾਕਾ ਡੁੱਬਣ ਤੋਂ ਬਚ ਗਿਆ ਹੈ।

ਉਹਨਾਂ ਕਿਹਾ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਅਗਲੇ 4-5 ਦਿਨਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਜਾਵੇਗਾ। ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ 18 ਕਿਲੋਮੀਟਰ ਵਿੱਚ ਪੈਂਦੇ ਘੱਗਰ ਖੇਤਰ ਦੀ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਵਿਭਾਗ ਦੇ ਬੇਲਦਾਰ ਤੋਂ ਲੈ ਕੇ ਨਿਗਰਾਨ ਇੰਜੀਨੀਅਰ ਤੱਕ ਦੇ ਅਧਿਕਾਰੀ ਬੰਨ੍ਹ ਉੱਤੇ ਲਗਾਤਾਰ ਡਿਊਟੀ ਉੱਤੇ ਤਾਇਨਾਤ ਹਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਵੇਸਲੇ ਨਾ ਹੋਣ ਸਗੋਂ ਦਰਿਆ ਉੱਤੇ ਚੱਲ ਰਹੇ ਹਰ ਤਰ੍ਹਾਂ ਦੇ ਕੰਮ ਦੀ ਖੁਦ ਵੀ ਨਿਗਰਾਨੀ ਕਰਨ। ਇਸ ਮੌਕੇ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਆਮ ਲੋਕ ਅਤੇ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।


Posted

in

by

Tags:

Comments

Leave a Reply

Your email address will not be published. Required fields are marked *