
ਬਟਾਲਾ, 26 ਅਗਸਤ ( ) ਬਟਾਲਾ ਸ਼ਹਿਰ ਵਿਚੋਂ ਲੰਘਦੀ ਹੰਸਲੀ ਵਿੱਚ ਘਾਹ-ਫੂਸ ਤੇ ਬੂਟੀ ਆਦਿ ਫਸ ਗਈ ਸੀ, ਜਿਸ ਨੂੰ ਅਧਿਕਾਰੀਆਂ ਦੀ ਮੁਸ਼ਤੈਦੀ ਨਾਲ ਤੁਰੰਤ ਜੇ.ਸੀ.ਬੀ ਲਗਾ ਕੇ ਸਾਫ਼ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਹੰਸਲੀ ਵਿਚ ਪਾਣੀ ਆਮ ਵਾਂਗ ਵੱਗ ਰਿਹਾ ਹੈ।
ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਦਰਿਆ ਰਾਵੀ, ਬਿਆਸ ਸਮੇਤ ਹੋਰ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਜਿਸ ਕਾਰਨ ਬਟਾਲਾ ਸ਼ਹਿਰ ਵਿੱਚੋਂ ਲੰਘਦੀ ਹੰਸਲੀ ਵਿੱਚ ਵੀ ਪਾਣੀ ਵੱਧਿਆ ਹੈ ਅਤੇ ਸਾਹਬਪੁਰਾ ਨੇੜੇ ਹੰਸਲੀ ਦੇ ਪੁਲ ਨਾਲ ਪਿਛਂੋ ਰੁੜ ਕੇ ਆ ਰਹੀ ਘਾਹ-ਫੂਸ ਤੇ ਬੂਟੀ, ਪੁਲ ਨਾਲ ਫਸ ਗਈ ਸੀ ਪਰ ਸਬੰਧਤ ਵਿਭਾਗ ਵਲੋਂ ਮੌਕੇ ’ਤੇ ਜੇ.ਸੀ.ਬੀ ਨਾਲ ਘਾਹ-ਫੂਸ ਤੇ ਬੂਟੀ ਆਦਿ ਨੂੰ ਕੱਢ ਦਿੱਤਾ ਗਿਆ ਹੈ, ਜਿਸ ਨਾਲ ਹੰਸਲੀ ਵਿੱਚ ਪਾਣੀ ਨਾਰਮਲ ਅੱਗੇ ਵੱਗ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ ਹੰਸਲੀ ਵਿੱਚ ਬੇਸ਼ੱਕ ਪਾਣੀ ਵਧਿਆ ਹੈ ਪਰ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਚੌਕਸ ਤੇ ਸੁਚੇਤ ਰਹਿਣ। ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪ ਲਾਈਨ ਨੰਬਰ 1800-180-1852 ਅਤੇ 01874-266376 ਅਤੇ ਦਫਤਰ ਕਾਰਪੋਰੇਸ਼ਨ ਬਟਾਲਾ ਵਲੋਂ ਹੈਲਪ ਲਾਈਨ ਨੰਬਰ 99153-62910 ਜਾਰੀ ਕੀਤਾ ਗਿਆ ਹੈ, ਜਿਸ ’ਤੇ ਸ਼ਹਿਰ ਵਾਸੀ ਮੁਸ਼ਕਿਲ ਜਾਂ ਸਮੱਸਿਆ ਸਬੰਧੀ ਫੋਨ ਕਰ ਸਕਦੇ ਹਨ।
ਇਸ ਮੌਕੇ ਐਕਸੀਅਨ ਰੋਹਿਤ ਉੱਪਲ ਅਤੇ ਵਿਕਰਮਜੀਤ ਸਿੰਘ ਆਦਿ ਮੋਜੂਦ ਸਨ।