ਹਲਕੇ ਦੇ ਖੇਤਾਂ ਤਕ ਨਹਿਰੀ ਪਾਣੀ ਪੁਜਦਾ ਕਰਨ ਲਈ ਕੰਮ ਜੰਗੀ ਪੱਧਰ ‘ਤੇ ਜਾਰੀ: ਵਿਧਾਇਕ ਨਰਿੰਦਰ ਕੌਰ ਭਰਾਜ

ਭਵਾਨੀਗੜ੍ਹ, 11 ਜੂਨ

ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਖੇਤ ਤਕ ਨਹਿਰੀ ਪਾਣੀ ਪੁਜਦਾ ਕਰਨ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਹਿਤ ਵਿਧਾਨ ਸਭਾ ਹਲਕਾ ਸੰਗਰੂਰ ਦੇ ਖੇਤਾਂ ਤਾਈਂ ਨਹਿਰੀ ਪਾਣੀ ਪੁਜਦਾ ਕਰਨ ਲਈ ਵੱਖੋ-ਵੱਖ ਪ੍ਰੋਜੈਕਟਾਂ ਦੇ ਰੂਪ ਵਿੱਚ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ, ਜਿਸ ਦੀ ਲੜੀ ਤਹਿਤ ਹਲਕੇ ਦੇ ਪਿੰਡ ਨਰਾਇਣਗੜ੍ਹ ਵਿਖੇ ਕਰੀਬ 61 ਲੱਖ ਰੁਪਏ ਦੀ ਲਾਗਤ ਨਾਲ 5816 ਮੀਟਰ ਲੰਬੀ ਜ਼ਮੀਨਦੋਜ਼ ਪਾਈਪ ਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ।

ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਕਰੀਬ 109 ਹੈਕਟੇਅਰ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ ਤੇ ਕਿਸਾਨਾਂ ਦੀਆਂ ਸਿੰਜਾਈ ਸਬੰਧੀ ਦਿੱਕਤਾਂ ਦੂਰ ਹੋਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਪਿੰਡ ਨਰਾਇਣਗੜ੍ਹ ਵਿਖੇ ਉਪਰੋਕਤ ਪ੍ਰੋਜੈਕਟ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਪ੍ਰੋਜੈਕਟ ਤੈਅ ਸਮੇਂ ਵਿੱਚ ਮੁਕੰਮਲ ਕਰਨ ਦੀ ਹਦਾਇਤ ਵੀ ਦਿੱਤੀ।

ਸ਼੍ਰੀਮਤੀ ਭਰਾਜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੇ ਅਣਗਹਿਲੀਆਂ ਕਾਰਨ ਹਲਕਾ ਸੰਗਰੂਰ ਦੇ ਕਿਸਾਨ ਨਹਿਰੀ ਪਾਣੀ ਲਈ ਤਰਸਦੇ ਰਹੇ ਤੇ ਮਜਬੂਰੀ ਵਿੱਚ ਧਰਤੀ ਹੇਠਲਾ ਪਾਣੀ ਵਰਤ ਕੇ ਆਪਣੀਆਂ ਫ਼ਸਲਾਂ ਪਾਲਦੇ ਰਹੇ। ਬਹੁਤੀ ਵਾਰ ਤਾਂ ਬਿਜਲੀ ਨਾ ਆਉਣ ਕਰ ਕੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਪਾਲਣ ਲਈ ਮਜਬੂਰ ਹੋਣਾ ਪਿਆ।

ਸੂਬੇ ਦੇ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਖੁਦ ਖੇਤੀ ਕਰਦੇ ਰਹੇ ਹਨ। ਇਸ ਲਈ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਲੋੜਾਂ ਤੋਂ ਭਲੀਭਾਂਤ ਜਾਣੂੰ ਹਨ, ਜਿਸ ਸਦਕਾ ਜਿੱਥੇ ਉਨ੍ਹਾਂ ਨੇ ਹਰ ਖੇਤ ਤਕ ਨਹਿਰੀ ਪਾਣੀ ਪੁਜਦਾ ਕਰਨ ਵੱਲ ਤਰਜੀਹ ਦਿੱਤੀ ਹੈ, ਉਥੇ ਖੇਤਾਂ ਲਈ ਤੈਅ ਸਮੇਂ ਮੁਤਾਬਕ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਹਲਕਾ ਵਿਧਾਇਕ ਨੇ ਕਿਹਾ ਕਿ ਨਹਿਰੀ ਪਾਣੀ ਲੱਗਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਤੇ ਫ਼ਸਲਾਂ ਵੀ ਹੋਰ ਚੰਗੀਆਂ ਹੋਣਗੀਆਂ ਨਾਲੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਹੀ ਨਾ ਬਚਾਅ ਸਕੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤਾਂ ਲਈ ਬਿਜਲੀ ਤੇ ਨਹਿਰੀ ਪਾਣੀ ਦੇਣ ਸਬੰਧੀ ਪੂਰਾ ਜ਼ੋਰ ਲਾ ਕੇ ਕੰਮ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਜੇਕਰ ਕਿਤੇ ਕਿਸੇ ਕਿਸਾਨ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਫੌਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਕਿਸੇ ਵੀ ਮੁਸ਼ਕਲ ਦਾ ਹਰ ਸੰਭਵ ਹੱਲ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਪੰਚ-ਸਰਪੰਚ, ਵੱਖੋ-ਵੱਖ ਅਹੁਦੇਦਾਰ, ਪਤਵੰਤੇ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *