April 2, 2026

Year: 2025

ਪਟਿਆਲਾ 28 ਜੂਨ:                 ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਭਾਸ਼ਾ ਭਵਨ ਵਿਖੇ ਵਿਦੇਸ਼ਾਂ ’ਚ ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਮੀਡੀਆ ਦੀ ਵਰਤਮਾਨ ਸਥਿਤੀ ਬਾਰੇ ਆਸਟਰੇਲੀਆ ਵਸਦੀ ਬਹੁਪਰਤੀ ਸ਼ਖਸੀਅਤ ਗੁਰਸ਼ਮਿੰਦਰ ਸਿੰਘ ਮਿੰਟੂ ਬਰਾੜ ਨਾਲ ਜਾਣਕਾਰੀ ਭਰਪੂਰ ਸੰਵਾਦ ਦਾ ਆਯੋਜਨ ਕੀਤਾ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਹੋਏ ਇਸ ਸਮਾਗਮ ਦੌਰਾਨ ਸਰੋਤਿਆਂ ਨੇ ਆਪਣੇ ਸਵਾਲਾਂ ਨਾਲ ਸੰਵਾਦ ਨੂੰ ਅਰਥਭਰਪੂਰ ਬਣਾ ਦਿੱਤਾ। ਇਸ ਮੌਕੇ ਸਾਹਿਤ ਤੇ ਸੱਭਿਆਚਾਰ ਨਾਲ ਜੁੜੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ।               ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਖੇਡਾਂ ਨਾਲ ਜੁੜੀ ਸ਼ਖਸੀਅਤ ਮਿੰਟੂ ਬਰਾੜ ਨੇ ਖਾਸ ਤੌਰ ’ਤੇ ਆਸਟਰੇਲੀਆ ’ਚ ਪੰਜਾਬੀ ਭਾਸ਼ਾ ਦੇ ਪਸਾਰ ਬਾਰੇ ਦੱਸਿਆ ਕਿ ਉੱਥੇ ਦੇ ਸਾਰੇ ਸੂਬਿਆਂ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਵੀ ਹਰ ਪੰਜਾਬੀ ਨੂੰ ਵੀ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਤਹਿਤ ਹਰ ਪੱਖੋਂ ਹੁਲਾਰਾ ਦਿੱਤਾ ਜਾ ਰਿਹਾ ਹੈ।                 ਆਸਟਰੇਲੀਆ ’ਚ ਪੰਜਾਬੀ ਦੇ ਬਿਹਤਰੀਨ ਤਰੀਕੇ ਨਾਲ ਪੈਰ ਪਸਾਰਨ ਬਾਰੇ ਉਨ੍ਹਾਂ ਦੱਸਿਆ ਕਿ ਆਸਟਰੇਲੀਆ ਨੂੰ ਪੰਜਾਬੀ ਭਾਸ਼ਾ ਨਾਲ ਸਬੰਧਤ ਕਈ ਖੇਤਰਾਂ ’ਚ ਪਹਿਲਕਦਮੀਆਂ ਕਰਨ ਦਾ ਮਾਣ ਪ੍ਰਾਪਤ ਹੈ। ਪੰਜਾਬੀ ਭਾਸ਼ਾ ਦੀਆਂ ਪਹਿਲੀਆਂ ਦੋ ਐਪਸ ‘ਸੁਹਾਵੀ’ ਤੇ ‘ਵਿਰਾਸਤ’ ਇਸ ਮੁਲਕ ’ਚ ਤਿਆਰ ਹੋਈਆਂ ਹਨ ਤੇ ਇਹ ਵਿਸ਼ਵ ਭਰ ’ਚ ਵਸਦੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀ ਸਾਹਿਤਕ ਤੇ ਗਿਆਨ ਵਰਧਕ ਸਮੱਗਰੀ ਆਡੀਓ ਤੇ ਪ੍ਰਿੰਟ ਰੂਪ ’ਚ ਪ੍ਰਦਾਨ ਕਰ ਰਹੀਆਂ ਹਨ।                 ਸ੍ਰੀ ਮਿੰਟੂ ਨੇ ਦੱਸਿਆ ਕਿ ਪੰਜਾਬੀ ’ਚ ਬਲੌਗ ਪਾਉਣ ਦਾ ਪ੍ਰਚੱਲਣ 2007 ’ਚ ਆਸਟਰੇਲੀਆ ਦੀ ਧਰਤੀ ’ਤੇ ਉਨ੍ਹਾਂ ਵੱਲੋਂ ਆਰੰਭ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਿਜੀਟਲ ਰੂਪ ਪਰਥ ’ਚ ਵਸਦੇ ਗੁਰਵੰਤ ਸਿੰਘ ਉੱਪਲ ਨੇ ਤਿਆਰ ਕੀਤਾ। ਆਨਲਾਈਨ ਰੇਡੀਓ ਦੇ ਯੁੱਗ ਦੀ ਸ਼ੁਰੂਆਤ ਦੇ ਸਮੇਂ ਹੀ ‘ਹਰਮਨ ਰੇਡੀਓ’ ਵੀ ਕੰਗਾਰੂਆਂ ਦੇ ਦੇਸ਼ ’ਚ ਸ਼ੁਰੂ ਹੋਇਆ ਤੇ ਪੰਜਾਬੀ ਫੌਂਟਾਂ ਦੇ ਹੋਂਦ ਵਿੱਚ ਆਉਣ ਸਮੇਂ ਵੀ ਆਸਟਰੇਲੀਆ ਵਸਦੇ ਬਲਵੰਤ ਸਿੰਘ ਨੇ ਪੰਜਾਬੀ ਫੌਂਟ ਤਿਆਰ ਕਰਕੇ ਵੱਡਾ ਯੋਗਦਾਨ ਪਾਇਆ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਸਟਰੇਲੀਆ ’ਚ ਪੰਜਾਬੀ ਕਿੰਨੀ ਵਧੀਆ ਸਥਿਤੀ ’ਚ ਹੈ। ਪੰਜਾਬੀ ਸੱਭਿਆਚਾਰ ਦਾ ਅੰਗ ਮੰਨੀਆਂ ਜਾਂਦੀਆਂ ਖੇਡਾਂ 37 ਸਾਲ ਪਹਿਲਾ ‘ਸਿੱਖ ਖੇਡਾਂ’ ਦੇ ਨਾਮ ’ਤੇ ਭਾਰਤ ਤੋਂ ਬਾਹਰ ਪੰਜਾਬੀਆਂ ਦੀਆਂ ਉਲੰਪਿਕ ਖੇਡਾਂ ਦੇ ਰੂਪ ’ਚ ਆਸਟਰੇਲੀਆ ’ਚ ਸ਼ੁਰੂ ਹੋਈਆਂ ਜੋ ਹਰ ਸਾਲ ਨਿਰੰਤਰ ਹੋ ਰਹੀਆਂ ਹਨ।                 ਸ੍ਰੀ ਮਿੰਟੂ ਬਰਾੜ ਨੇ ਦੱਸਿਆ ਕਿ ਇਸ ਵੇਲੇ ਆਸਟਰੇਲੀਆ ’ਚ ਬਹੁਤ ਮਿਆਰੀ ਪੰਜਾਬੀ ਟੀਵੀ ਚੈਨਲ, ਰੇਡੀਓ ਤੇ ਅਖ਼ਬਾਰ ਨਿੱਕਲ ਰਹੇ ਹਨ ਜਿੰਨ੍ਹਾਂ ਨੂੰ ਪੁਰਾਣੀ ਹੀ ਨਹੀਂ ਉੱਥੇ ਦੀ ਨਵੀਂ ਪੀੜ੍ਹੀ ਵੀ ਬਹੁਤ ਹੁੰਗਾਰਾ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ’ਚ ਆਪਣੇ ਧਰਮ, ਭਾਸ਼ਾ, ਖੇਡਾਂ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਅਜ਼ਾਦੀ ਹੀ ਨਹੀਂ ਸਗੋਂ ਸਰਕਾਰ ਵੱਲੋਂ ਦਿਲ ਖੋਲ੍ਹਕੇ ਗ੍ਰਾਂਟਾਂ ਵੀ ਦਿੱਤੀਆਂ ਜਾਂਦੀਆਂ ਹਨ। ਜਿਸ ਸਦਕਾ ਇਸ ਦੇਸ਼ ਦਾ ਸੱਭਿਆਚਾਰ ਬਹੁਰੰਗਾਂ ਬਣ ਗਿਆ ਹੈ। ਉਨ੍ਹਾਂ ਦਾ ਭਾਸ਼ਾ ਵਿਭਾਗ ਵੱਲੋਂ ਸਤਿਕਾਰ ਦੇਣ ਲਈ ਧੰਨਵਾਦ ਕੀਤਾ।    ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਮਿੰਟੂ ਬਰਾੜ ਦੁਨੀਆ ਭਰ ’ਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਦੂਤ ਵਜੋਂ ਕਾਰਜਸ਼ੀਲ ਕੁਝ ਸਿਰਕੱਢ ਸ਼ਖਸੀਅਤਾਂ ’ਚ ਸ਼ਾਮਲ ਹਨ। ਮਿੰਟੂ ਬਰਾੜ ਦੀਆਂ ਸਰਗਰਮੀਆਂ ਨੂੰ ਦੇਖਕੇ ਮਹਿਸੂਸ ਹੁੰਦਾ ਹੈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਦੁਨੀਆ ’ਤੇ ਕੀ ਕਰਨ ਆਏ ਹਾਂ ਨਾ ਕਿ ਇਹ ਦੇਖਣ ਕਿ ਲੋਕੀ ਕੀ ਕਰਦੇ ਹਨ। ਮਿੰਟੂ ਬਰਾੜ ਇਸ ਧਾਰਨਾ ’ਤੇ ਚਲਦਿਆ ਨਾਮਣਾ, ਨਾਮਾ ਤੇ ਸਕੂਨ ਖੱਟ ਰਿਹਾ ਹੈ। ਜਿਸ ਤੋਂ ਸਾਨੂੰ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੀ ਅਹੁਦਿਆਂ ਨਾਲ ਨਹੀਂ ਸੱਚੀ ਕਿਰਤ ਨਾਲ ਪਹਿਚਾਣ ਬਣਾਉਣੀ ਚਾਹੀਦੀ ਹੈ। ਉਨ੍ਹਾਂ ਮਿੰਟੂ ਬਰਾੜ ਦੀ ਪੁਸਤਕ ‘ਕੰਗਾਰੂਨਾਮਾ’ ਦੀ ਵੀ ਚਰਚਾ ਕੀਤੀ। ਵਿਭਾਗ ਵੱਲੋਂ ਮਿੰਟੂ ਬਰਾੜ ਨੂੰ ਸ਼ਾਲ ਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਤਿਕਾਰ ਦਿੱਤਾ ਗਿਆ।
ਪਟਿਆਲਾ, 27 ਜੂਨ:                    ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸੂਬਾ ਵਾਸੀਆਂ ਨੂੰ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਉਣ ਲਈ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਤਹਿਤ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਇਸੇ ਲੜੀ ਤਹਿਤ ਅੱਜ ਉਨ੍ਹਾਂ ਪਟਿਆਲਾ ਦੇ ਰਣਜੀਤ ਨਗਰ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਘਰ ਘਰ ਜਾ ਕੇ ਡੇਂਗੂ ਦਾ ਲਾਰਵਾ ਲੱਭਿਆ ਤੇ ਉਸ ਨੂੰ ਨਸ਼ਟ ਕਰਵਾਉਣ ਦੇ ਨਾਲ ਨਾਲ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ।                 ਆਪਣੇ ਦੌਰੇ ਦੌਰਾਨ ਡਾ. ਬਲਬੀਰ ਸਿੰਘ ਨੇ ਰਣਜੀਤ ਨਗਰ ਵਾਸੀਆਂ ਨੂੰ ਡੇਂਗੂ ਤੋਂ ਬਚਾਅ ਲਈ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਦੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਹਫ਼ਤੇ ‘ਚ ਇਕ ਦਿਨ ਪਾਣੀ ਨਾਲ ਭਰੀਆਂ ਥਾਵਾਂ ਨੂੰ ਖਾਲੀ ਕਰ ਦਿੱਤਾ ਜਾਵੇ ਤਾਂ ਡੇਂਗੂ ਦਾ ਲਾਰਵਾ ਪਨਪ ਨਹੀਂ ਸਕੇਗਾ ਤੇ ਲੋਕ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ।                 ਡਾ. ਬਲਬੀਰ ਸਿੰਘ ਨੇ ਰਣਜੀਤ ਨਗਰ ਦੇ ਕਈ ਘਰਾਂ ਵਿੱਚ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਫੁੱਲਾਂ ਦੇ ਗਮਲੇ, ਪਾਰਕ ਅਤੇ ਪੰਛੀਆਂ ਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਤੇ ਕਾਰ ਸਰਵਿਸ ਸਟੇਸ਼ਨ ਦੀ ਜਾਂਚ ਕੀਤੀ। ਸਿਹਤ ਮੰਤਰੀ ਵੱਲੋਂ ਹਰ ਉਸ ਥਾਂ ਦੀ ਚੈਕਿੰਗ ਕੀਤੀ ਗਈ ਜਿੱਥੇ ਡੇਂਗੂ ਦਾ ਲਾਰਵਾ ਹੋਣ ਦੀ ਸੰਭਾਵਨਾ ਸੀ, ਉਨ੍ਹਾਂ ਨੇ ਕਈ ਘਰਾਂ ਵਿੱਚ ਲਾਰਵਾ ਖ਼ੁਦ ਲੱਭਿਆ ਤੇ ਇਸ ਨੂੰ ਨਸ਼ਟ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਲਾਟਾਂ ਦੀ ਸਫ਼ਾਈ ਜ਼ਰੂਰ ਕਰਵਾਉਣ ਤਾਂ ਕਿ ਖਾਲੀ ਪਲਾਟਾਂ ‘ਚ ਖੜੇ ਪਾਣੀ ਕਾਰਨ ਨਾਲ ਰਹਿੰਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।                 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ ਖਤਮ ਕਰਨ ਲਈ ਸਮਾਂ ਕੱਢਣ। ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ‘ਚ ਖੜ੍ਹਾ ਪਾਣੀ, ਫਰਿਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾਅ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ।                    ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਅ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਵਾਧੂ ਬੈੱਡ ਡੇਂਗੂ ਦੇ ਮਰੀਜ਼ਾਂ ਲਈ ਰਾਖਵੇ ਰੱਖੇ ਗਏ ਹਨ। ਇਸ ਮੌਕੇ ਐਸ.ਐਮ.ਓ. ਡਾ. ਮੋਨਿਕਾ ਤੇ ਡਾ. ਸੁਮਿਤ ਸਿੰਘ ਸਮੇਤ ਸਿਹਤ ਵਿਭਾਗ ਦਾ ਅਮਲਾ ਮੌਜੂਦ ਸੀ।