ਅੰਮ੍ਰਿਤਸਰ , 30 ਸਤੰਬਰ 2024–

ਅੱਜ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਦੀ ਅਗਵਾਈ ਹੇਠ ਅਤੇ ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨੈਸ਼ਨਲ ਕੋਆਰਡੀਨੇਸ਼ਨ ਸੈਂਟਰ ਫੋਰ ਡਰੱਗ ਲਾਅ ਇਨਫੋਰਸਮੈਂਟ ਫਰੇਮਵਰਕ ਨੂੰ ਲਾਗੂ ਕਰਨ ਅਤੇ ਜ਼ਿਲ੍ਹੇ ਵਿੱਚ ਨਸ਼ਿਆਂ ‘ਤੇ ਨਿਯੰਤਰਣ ਵਧਾਉਣ ਲਈ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਇਸ ਨਾਲ ਸੰਬੰਧਿਤ ਮਸਲਿਆਂ ਨੂੰ ਰੋਕਣ ਲਈ ਵੱਖ-ਵੱਖ ਏਜੰਸੀਆਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਗਿਆ ਤਾਂ ਕਿ ਅੰਮ੍ਰਿਤਸਰ ਦੇ ਨਾਗਰਿਕਾਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਨ ਸੁਰਖਿਅਤ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਲੜਾਈ ਵਿੱਚ ਕਾਨੂੰਨ-ਵਿਵਸਥਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਦੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨਸ਼ਾ ਵਪਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਅਤੇ ਨਸ਼ਿਆਂ ਦੀ ਪਕੜ ਵਿੱਚ ਆਏ ਲੋਕਾਂ ਦੀ ਪੁਨਰਵਾਸ ਲਈ ਵਚਨਬੱਧ ਹੈ, ਪਰ ਇਸ ਲਈ ਪੁਲਿਸ ਦੇ ਨਾਲ ਨਾਲ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ।

ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਖੇਤਰ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਨੂੰ ਖਤਮ ਕਰਨ ਲਈ ਪੁਲਿਸ ਅਤੇ ਲੋਕਾਂ ਵਿਚਾਲੇ ਮਜਬੂਤ ਸਾਂਝ ਅਤੇ ਸਮੇਂ ਸਿਰ ਕਾਰਵਾਈ ਦੀ ਲੋੜ ਬਾਰੇ ਜ਼ੋਰ ਦਿੱਤਾ। ਸਾਰੇ ਅਧਿਕਾਰੀਆਂ ਨੇ ਅੰਮ੍ਰਿਤਸਰ ਨੂੰ ਨਸ਼ਾ-ਮੁਕਤ ਜ਼ਿਲ੍ਹਾ ਬਣਾਉਣ ਲਈ ਮਿਲਜੁਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਪੁਲਿਸ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫਤਰਾਂ ਅਤੇ ਆਪਣੇ ਸਰਕਲ ਵਿੱਚੋਂ ਵੀ ਇਸ ਬਾਬਤ ਜੇਕਰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰਨ ਇਸ ਤੋਂ ਇਲਾਵਾ ਲੋਕਾਂ ਤੱਕ ਇਹ ਸੰਦੇਸ਼ ਜਰੂਰ ਜਾਣਾ ਚਾਹੀਦਾ ਹੈ ਕਿ ਨਸ਼ੇ ਸਿਹਤ ਲਈ ਬਹੁਤ ਘਾਤਕ ਹਨ ਅਤੇ ਇਸ ਖਿਲਾਫ ਲੜਾਈ ਵਿੱਚ ਉਸ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ ।

                 ਇਸ ਬਾਰੇ ਮਨੋਵਿਗਿਆਨਿਕ ਦੇ ਮਾਹਿਰ ਡਾਕਟਰਾਂ ਨੇ ਨਸ਼ਿਆਂ ਖਿਲਾਫ ਸੰਚਾਰ ਦੇ ਮੌਜੂਦਾ ਸਾਧਨ ਆ ਜਿਸ ਵਿੱਚ ਸੋਸ਼ਲ ਮੀਡੀਆ ਪ੍ਰਮੁੱਖ ਹੈ ਉੱਤੇ ਪ੍ਰਚਾਰ ਕਰਨ ਲਈ ਜੋਰ ਦਿੱਤਾ ਤਾਂ ਕਿ ਹਰ ਨੌਜਵਾਨ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ ਜਾ ਸਕੇ।

ਇਸ ਮੌਕੇ ਬਾਰਡਰ ਸਿਕਿਉਰਟੀ ਫੋਰਸ ਦੇ ਅਧਿਕਾਰੀਆਂ ਨੇ ਸਰਹੱਦ ਉੱਤੇ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਨਸ਼ਿਆਂ ਦੀ ਤਸਕਰੀ ਬਾਰੇ ਦੱਸਿਆ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਬੀਐਸਐਫ ਨਸ਼ਿਆਂ ਦੀ ਬਰਾਮਦਗੀ ਲਈ ਦਿਨ ਰਾਤ ਇੱਕ ਕੰਮ ਕਰ ਰਹੀ ਹੈ ਅਤੇ ਇਸਦੇ ਨਤੀਜੇ ਵੀ ਬਹੁਤ ਵਧੀਆ ਆ ਰਹੇ ਹਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਡੀਸੀਪੀ ਸ੍ਰੀ ਅਭਿਮੰਨਿਊ ਰਾਣਾ , ਐਸਪੀ ਹਰਪਾਲ ਸਿੰਘ,  ਸਿਵਿਲ ਸਰਜਨ ਡਾਕਟਰ ਕਿਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *